ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਬਲਾਕ ਸੰਮਤੀ ਖੇੜਾ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 96 ਲੱਖ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਈ
ਪੰਜਾਬ ਸਰਕਾਰ ਪਿੰਡ ਪੱਧਰ ’ਤੇ ਸੁਧਾਰ ਅਤੇ ਸੁਵਿਧਾਵਾਂ ਦੇ ਵਿਸਥਾਰ ਲਈ ਵਚਨਬੱਧ ( ਮੁਖ਼ਤਿਆਰ ਸਿੰਘ) ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਹਰੇਕ ਪੱਖ ਤੋਂ ਲਾਮਿਸਾਲ ਵਿਕਾਸ ਕਰਵਾ ਰਹੀ ਹੈ। ਪਿੰਡਾਂ ਅੰਦਰ ਖੇਡ ਮੈਦਾਨ, ਸੀਵਰੇਜ਼ ਸਿਸਟਮ, ਸਟਰੀਟ ਲਾਈਟਾਂ, ਛੱਪੜਾਂ ਦੀ ਸਾਫ਼ ਸਫਾਈ ਤੋਂ ਲੈ ਕੇ ਪੇਡੂ ਖੇਤਰ ਦੀਆਂ ਸੜਕਾਂ ਆਦਿ ਦੇ ਕੰਮਾਂ ਨੂੰ ਪਹਿਲਕਦਮੀ ਨਾਲ ਕਰਵਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਫ਼ਤਹਿਗੜ੍ਹ ਸਾਹਿਬ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਬਲਾਕ ਸੰਮਤੀ ਖੇੜਾ ਦੇ ਪਿੰਡਾਂ ਨੂੰ ਵਿਕਾਸ ਕੰਮਾਂ ਲਈ 96 ਲੱਖ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਉਣ ਵੇਲੇ ਕੀਤਾ। ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਵਧੀਆ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਉਹ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਪੱਧਰ ’ਤੇ ਸੁਧਾਰ ਅਤੇ ਸੁਵਿਧਾਵਾਂ ਦੇ ਵਿਸਥਾਰ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਾਰੀ ਕੀਤੀ ਗ੍ਰਾਂਟ ਨਾਲ ਬਲਾਕ ਖੇੜਾ ਅਧੀਨ ਆਉਂਦੇ ਪਿੰਡਾਂ ਵਿੱਚ ਚਲ ਰਹੇ ਪ੍ਰੋਜੈਕਟਾਂ ਨੂੰ ਹੋਰ ਗਤੀ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਉਦੇਸ਼ ਹਰ ਪਿੰਡ ਨੂੰ ਆਧੁਨਿਕ ਅਤੇ ਸੁਵਿਧਾਜਨਕ ਬਣਾਉਣਾ ਹੈ ਤਾਂ ਜੋ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਸਹੂਲਤਾਂ ਵਰਗੀਆਂ ਸਹੂਲਤਾਂ ਉਪਲਬਧ ਹੋ ਸਕਣ। ਉਨ੍ਹਾਂ ਕਿਹਾ, "ਮੇਰੀ ਹਰ ਰੋਜ਼ ਕੋਸ਼ਿਸ਼ ਰਹਿੰਦੀ ਹੈ ਕਿ ਹਲਕੇ ਦਾ ਹਰ ਪਿੰਡ ਵਿਕਾਸ ਦੀ ਰਾਹ ’ਤੇ ਹੋਰ ਮਜ਼ਬੂਤੀ ਨਾਲ ਅੱਗੇ ਵਧੇ ਅਤੇ ਅਸੀਂ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉੱਤਰੀਏ।" ਇਸ ਮੌਕੇ ਬੀ ਡੀ ਪੀ ਓ ਝਰਮਲ ਸਿੰਘ ਸਰਪੰਚ ਚੰਦਨਦੀਪ, ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਸਰਪੰਚ ਦਲੇਰ ਸਿੰਘ ਗੁਰਦੀਪ ਸਿੰਘ ਗੁਰਮੁਖ ਸਿੰਘ ਸਰਪੰਚ ਇੰਦਰਜੀਤ ਸਿੰਘ ਸਰਪੰਚ ਪ੍ਰਿਤਪਾਲ ਸਿੰਘ ਸਰਪੰਚ ਹਰਿੰਦਰ ਸਿੰਘ ਹਿੰਦਾ ਸਰਪੰਚ ਬਲਜਿੰਦਰ ਸਿੰਘ ਸਰਪੰਚ ਹਰਕੇਸ਼ ਸਿੰਘ ਸਰਪੰਚ ਜਸਪ੍ਰੀਤ ਸਿੰਘ ਪਰਮਜੀਤ ਸਿੰਘ, ਪੀਏ ਸਤੀਸ਼ ਕੁਮਾਰ ਲਟੋਰ ਵੀ ਹਾਜ਼ਰ ਸਨ।
Posted By: Daily Suraj Bureau