ਸ਼੍ਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਿਕ ਸਾਬਤ ਹੋਵੇਗੀ - ਸੁਨੀਲ ਗੋਇਲ ਡਿੰਪਲ
ਕਿਹਾ : ਰੈਲੀ ਸਬੰਧੀ ਭਾਜਪਾ ਵਰਕਰਾਂ ਵਿੱਚ ਪਾਇਆ ਜਾ ਰਿਹਾ ਹੈ ਭਾਰੀ ਉਤਸਾਹ (ਜਗਸੀਰ ਸਿੰਘ) - ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ਦੇ ਕਿੱਲੀ ਚਾਹਲ ਪਿੰਡ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਪਹੁੰਚ ਰਹੇ ਹਨ। ਉਨਾਂ ਦੇ ਇਸ ਰੈਲੀ ਵਿੱਚ ਆਉਣ ਸਬੰਧੀ ਭਾਜਪਾ ਵਰਕਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪੇਡਾ ਦੇ ਸਾਬਕਾ ਡਾਇਰੈਕਟਰ ਅਤੇ ਸੀਨੀਅਰ ਭਾਜਪਾ ਆਗੂ ਸੁਨੀਲ ਗੋਇਲ ਡਿੰਪਲ ਨੇ ਕੀਤਾ। ਭਾਜਪਾ ਆਗੂ ਨੇ ਦੱਸਿਆ ਕਿ ਸ੍ਰੀ ਅਮਿਤ ਸ਼ਾਹ ਇਸ ਰੈਲੀ ਵਿੱਚ ਪਹੁੰਚ ਕੇ ਭਾਜਪਾ ਦੀ ਬਦਲਾਅ ਰੈਲੀ ਨੂੰ ਸੰਬੋਧਨ ਕਰਨਗੇ। ਜਿਸ ਵਿੱਚ ਉਹ ਪੰਜਾਬ ਵਿੱਚ ਆਪ ਸਰਕਾਰ ਦੇ ਹਰ ਫਰੰਟ ਤੇ ਫੇਲ ਹੋਣ ਬਾਰੇ ਮੋਰਚਾ ਖੋਲਣਗੇ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਸੂਬੇ ਦੀ ਆਰਥਿਕ ਸਥਿਤੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕਰਨਗੇ ਅਤੇ ਸੂਬੇ ਦੀ ਆਮ ਸਰਕਾਰ ਦੀਆਂ ਅਸਫਲਤਾਵਾਂ ਨੂੰ ਜਨਤਾ ਸਾਹਮਣੇ ਉਜਾਗਰ ਕਰਨਗੇ। ਕਿਉਂਕਿ ਪੰਜਾਬ ਦੇ ਲੋਕ ਮੌਜੂਦਾ ਪੰਜਾਬ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਭਾਜਪਾ ਨੂੰ ਇੱਕ ਵਿਸ਼ਵਾਸ ਯੋਗ ਵਿਕਲਪ ਵਜੋਂ ਦੇਖ ਰਹੇ ਹਨ ਹਨ। ਭਾਜਪਾ ਆਗੂ ਨੇ ਦੱਸਿਆ ਕਿ ਅਮਿਤ ਸ਼ਾਹ ਮੋਗਾ ਦੀ ਇਸ ਰੈਲੀ ਰਾਹੀਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੂੰ ਮਜਬੂਤ ਕਰਨਗੇ ਅਤੇ ਵਰਕਰਾਂ ਵਿੱਚ ਜੋਸ਼ ਭਰਨਗੇ। ਭਾਜਪਾ ਆਗੂ ਨੇ ਕਿਹਾ ਕਿ ਭਾਜਪਾ ਵਰਕਰਾਂ ਸਮੇਤ ਪੰਜਾਬ ਵਾਸੀਆਂ ਵੱਲੋਂ ਵੀ ਸ਼੍ਰੀ ਸ਼ਾਹ ਦੀ ਮੋਗਾ ਰੈਲੀ ਨੂੰ ਆਸ ਭਰੀਆਂ ਨਿਗਾਹਾਂ ਨਾਲ ਦੇਖਿਆ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਸ਼੍ਰੀ ਸ਼ਾਹ ਦੀ ਇਹ ਰੈਲੀ ਇਤਿਹਾਸਿਕ ਸਾਬਤ ਹੋਵੇਗੀ ਅਤੇ ਰੈਲੀ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਿਕ ਹਾਲਾਤਾਂ ਵਿੱਚ ਵੱਡਾ ਬਦਲਾਅ ਹੋਵੇਗਾ ਅਤੇ ਇਸ ਰੈਲੀ ਦਾ ਭਰਪੂਰ ਪ੍ਰਭਾਵ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਪਵੇਗਾ।
Posted By: Daily Suraj Bureau