Daily Suraj

ਪੰਜਾਬੀ

ਜਲੰਧਰ-ਸੁਲਤਾਨਪੁਰ ਲੋਧੀ ਰੂਟ ’ਤੇ ਬੱਸ ਰੋਕ ਕੇ ਲੁੱਟ ਦੀ ਵਾਰਦਾਤ

03 Apr, 2026 06:15 PM

ਜਲੰਧਰ-ਸੁਲਤਾਨਪੁਰ ਲੋਧੀ ਰੂਟ ’ਤੇ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਇੱਕ PRTC ਬੱਸ ਨਾਲ ਹਥਿਆਰਬੰਦ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਕੁਲਾਰਾਂ ਨੇੜੇ ਮੋਠਾਂਵਾਲਾ ਪੁਲੀਸ ਚੌਕੀ ਕੋਲ ਵਾਪਰੀ, ਜਿੱਥੇ ਕਾਰ ਵਿੱਚ ਆਏ 3 ਤੋਂ 4 ਵਿਅਕਤੀਆਂ ਨੇ ਬੱਸ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ, ਇਹ ਬੱਸ ਰੋਜ਼ਾਨਾ ਜਲੰਧਰ ਤੋਂ ਸਿਧਵਾਂ ਦੋਨਾ ਅਤੇ ਮੋਠਾਂਵਾਲਾ ਰਾਹੀਂ ਸੁਲਤਾਨਪੁਰ ਲੋਧੀ ਜਾਂਦੀ ਹੈ। ਘਟਨਾ ਸਮੇਂ ਦੁਪਹਿਰ ਕਰੀਬ 12:30 ਵਜੇ ਬੱਸ ਵਿੱਚ ਲਗਭਗ 10 ਤੋਂ 15 ਸਵਾਰੀਆਂ ਮੌਜੂਦ ਸਨ। ਬੱਸ ਦੇ ਡਰਾਈਵਰ ਪਵਿੱਤਰ ਸਿੰਘ ਨੇ ਦੱਸਿਆ ਕਿ ਕੁਲਾਰਾਂ ਨੇੜੇ ਇੱਕ ਪੁਰਾਣੀ ਹੋਂਡਾ ਸਿਟੀ ਕਾਰ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਇਹ ਨਿਰਧਾਰਤ ਸਟਾਪ ਨਾ ਹੋਣ ਕਰਕੇ ਬੱਸ ਨਹੀਂ ਰੁਕੀ। ਇਸ ਤੋਂ ਬਾਅਦ ਉਹਨਾਂ ਨੇ ਬੱਸ ਦਾ ਪਿੱਛਾ ਕੀਤਾ ਅਤੇ ਆਪਣੀ ਕਾਰ ਨਾਲ ਰਸਤਾ ਰੋਕ ਕੇ ਜ਼ਬਰਦਸਤੀ ਬੱਸ ਦੇ ਦਰਵਾਜ਼ੇ ਖੋਲ੍ਹ ਦਿੱਤੇ। ਡਰਾਈਵਰ ਦੇ ਅਨੁਸਾਰ, ਦੋ ਵਿਅਕਤੀ ਚਾਕੂ ਅਤੇ ਦਾਤ ਲਹਿਰਾਉਂਦੇ ਹੋਏ ਬੱਸ ਦੇ ਬੋਨਟ ’ਤੇ ਵੱਜੇ ਅਤੇ ਡਰ ਦਾ ਮਾਹੌਲ ਬਣਾਇਆ। ਇਸ ਦੌਰਾਨ ਉਹਨਾਂ ਨੇ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ, ਜਿਸ ਵਿੱਚੋਂ ਨਕਦੀ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ। ਕੰਡਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਦੋ ਲੁਟੇਰੇ ਦਾਤ ਲੈ ਕੇ ਬੱਸ ਵਿੱਚ ਵੜ ਗਏ ਅਤੇ ਪੈਸਿਆਂ ਦੀ ਮੰਗ ਕੀਤੀ। ਉਸ ਨੇ ਪਹਿਲਾਂ ਉਨ੍ਹਾਂ ਨੂੰ 200 ਰੁਪਏ ਦਿੱਤੇ, ਪਰ ਲੁਟੇਰਿਆਂ ਨੇ ਉਸ ਦੇ ਬੈਗ ਵਿੱਚੋਂ ਕਰੀਬ 900 ਤੋਂ 1200 ਰੁਪਏ ਤੱਕ ਨਕਦ ਕੱਢ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਮੁਲਜ਼ਮ ਨੇ ਆਪਣੀ ਪਛਾਣ ਦੱਸਦੇ ਹੋਏ ਧਮਕੀ ਦਿੱਤੀ ਕਿ ਜੇਕਰ ਕਿਸੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਨਤੀਜੇ ਭੁਗਤਣੇ ਪੈਣਗੇ। ਵਾਰਦਾਤ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਬੱਸ ਸਟਾਫ ਵੱਲੋਂ ਤੁਰੰਤ ਬੱਸ ਨੂੰ ਮੋਠਾਂਵਾਲਾ ਪੁਲੀਸ ਸਟੇਸ਼ਨ ਲਿਆਂਦਾ ਗਿਆ, ਜਿੱਥੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਇਸ ਸੰਬੰਧੀ SHO ਸੁਲਤਾਨਪੁਰ ਲੋਧੀ ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Posted By: Daily Suraj Bureau

Latest News