Daily Suraj

ਪੰਜਾਬੀ

ਕੈਂਸਰ ਅਤੇ ਦੁਰਲੱਭ ਬਿਮਾਰੀਆਂ ਦੀਆਂ ਦਵਾਈਆਂ ਹੋਣਗੀਆਂ ਟੈਕਸ ਮੁਕਤ, ਅਮਰੀਕਾ ਵੱਲੋਂ 20 ਖੇਤਰਾਂ ਨੂੰ ਮਿਲੀ ਛੋਟ

29 Sep, 2026 04:52 PM

ਅਮਰੀਕਾ ਨੇ ਭਾਰਤ ਸਮੇਤ 19 ਹੋਰ ਭਾਈਵਾਲ ਦੇਸ਼ਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਖਾਸ ਸਪੈਸ਼ਲਿਟੀ ਦਵਾਈਆਂ ਅਤੇ ਉਨ੍ਹਾਂ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਉੱਤੇ ਆਯਾਤ ਡਿਊਟੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਪ੍ਰਸ਼ਾਸਨ ਕੁਝ ਪੇਟੈਂਟ ਫਾਰਮਾਸਿਊਟੀਕਲ ਉਤਪਾਦਾਂ ਉੱਤੇ 100 ਫੀਸਦੀ ਤੱਕ ਟੈਰਿਫ ਲਗਾਉਣ ਦੀ ਤਿਆਰੀ ਕਰ ਰਿਹਾ ਸੀ। ਅਮਰੀਕੀ ਵਣਜ ਵਿਭਾਗ ਨੇ ਫੈਡਰਲ ਰਜਿਸਟਰ ਵਿੱਚ ਇੱਕ ਅਧਿਕਾਰਤ ਸੂਚੀ ਜਾਰੀ ਕਰਕੇ ਉਨ੍ਹਾਂ ਦੇਸ਼ਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਯੋਗ ਫਾਰਮਾਸਿਊਟੀਕਲ ਉਤਪਾਦਾਂ ਨੂੰ ਇਸ ਜ਼ੀਰੋ-ਟੈਰਿਫ ਨੀਤੀ ਦਾ ਲਾਭ ਮਿਲੇਗਾ। ਇਨ੍ਹਾਂ ਖਾਸ ਦਵਾਈਆਂ ’ਤੇ ਲਾਗੂ ਹੋਵੇਗੀ ਛੋਟ ਇਹ ਜ਼ੀਰੋ-ਟੈਰਿਫ ਨੀਤੀ ਆਮ ਦਵਾਈਆਂ ਦੀ ਬਜਾਏ ਸਿਰਫ਼ ਕੁਝ ਖਾਸ ਸਪੈਸ਼ਲਿਟੀ ਫਾਰਮਾਸਿਊਟੀਕਲ ਉਤਪਾਦਾਂ ’ਤੇ ਹੀ ਲਾਗੂ ਹੋਵੇਗੀ। ਇਸ ਵਿੱਚ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ‘ਆਰਫਨ ਡਰੱਗਜ਼’, ਨਿਊਕਲੀਅਰ ਮੈਡੀਸਨ, ਪਲਾਜ਼ਮਾ ਆਧਾਰਿਤ ਥੈਰੇਪੀਆਂ ਅਤੇ ਫਰਟੀਲਿਟੀ ਨਾਲ ਜੁੜੀਆਂ ਦਵਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ ਸੈੱਲ ਅਤੇ ਜੀਨ ਥੈਰੇਪੀਆਂ, ਐਂਟੀਬਾਡੀ-ਡਰੱਗ ਕੌਂਜੂਗੇਟਸ (ADCs), ਰਸਾਇਣਕ, ਜੈਵਿਕ, ਰੇਡੀਓਲਾਜੀਕਲ ਤੇ ਪ੍ਰਮਾਣੂ ਖਤਰਿਆਂ ਨਾਲ ਨਜਿੱਠਣ ਵਾਲੀਆਂ ਦਵਾਈਆਂ ਅਤੇ ਪਸ਼ੂਆਂ ਦੀਆਂ ਕੁਝ ਖਾਸ ਦਵਾਈਆਂ ਨੂੰ ਵੀ ਇਸ ਛੋਟ ਦਾ ਹਿੱਸਾ ਬਣਾਇਆ ਗਿਆ ਹੈ। ਜੈਨਰਿਕ ਦਵਾਈਆਂ ’ਤੇ ਨਹੀਂ ਪਵੇਗਾ ਪ੍ਰਭਾਵ ਅਮਰੀਕਾ ਵੱਲੋਂ ਕੁਝ ਲਾਇਸੈਂਸ ਪ੍ਰਾਪਤ ਫਾਰਮਾਸਿਊਟੀਕਲ ਉਤਪਾਦਾਂ ’ਤੇ 100 ਫੀਸਦੀ ਐਡ ਵੈਲੋਰਮ ਟੈਰਿਫ (ਉਤਪਾਦ ਦੀ ਕੀਮਤ ਅਨੁਸਾਰ ਲੱਗਣ ਵਾਲਾ ਟੈਕਸ) ਦਾ ਐਲਾਨ ਕੀਤਾ ਗਿਆ ਸੀ, ਜੋ ਕੁਝ ਕੰਪਨੀਆਂ ਲਈ 31 ਜੁਲਾਈ ਤੋਂ ਅਤੇ ਬਾਕੀ ਪ੍ਰਭਾਵਿਤ ਫਰਮਾਂ ਲਈ 29 ਸਤੰਬਰ ਤੋਂ ਲਾਗੂ ਹੋ ਰਿਹਾ ਹੈ। ਹਾਲਾਂਕਿ, ਵਣਜ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸੈਕਸ਼ਨ 232 ਦੇ ਤਹਿਤ ਲਗਾਏ ਜਾਣ ਵਾਲੇ ਇਸ ਟੈਰਿਫ ਦਾ ਜੈਨਰਿਕ ਦਵਾਈਆਂ ਅਤੇ ਉਨ੍ਹਾਂ ਦੇ ਕੰਪੋਨੈਂਟਸ ਉੱਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਅਤੇ ਹੋਰ ਭਾਈਵਾਲ ਦੇਸ਼ਾਂ ਨੂੰ ਮਿਲੇਗਾ ਲਾਭ ਅਮਰੀਕੀ ਵਣਜ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ ਅਨੁਸਾਰ, ਇਹ ਜ਼ੀਰੋ-ਟੈਰਿਫ ਲਾਭ ਉਨ੍ਹਾਂ ਦੇਸ਼ਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਨਾਲ ਅਮਰੀਕਾ ਦਾ ਵਪਾਰ ਅਤੇ ਸੁਰੱਖਿਆ ਸਮਝੌਤਾ ਹੈ। ਇਸ ਲਿਸਟ ਵਿੱਚ ਭਾਰਤ ਤੋਂ ਇਲਾਵਾ ਜਾਪਾਨ, ਦੱਖਣੀ ਕੋਰੀਆ, ਯੂਰਪੀਅਨ ਯੂਨੀਅਨ, ਯੂਨਾਈਟਿਡ ਕਿੰਗਡਮ, ਸਵਿਟਜ਼ਰਲੈਂਡ, ਥਾਈਲੈਂਡ, ਮਲੇਸ਼ੀਆ, ਵੀਅਤਨਾਮ, ਅਰਜਨਟੀਨਾ, ਬੰਗਲਾਦੇਸ਼, ਕੰਬੋਡੀਆ, ਇਕਵਾਡੋਰ, ਅਲ ਸਵਾਡੋਰ, ਗੁਆਟੇਮਾਲਾ, ਇੰਡੋਨੇਸ਼ੀਆ, ਜਾਰਡਨ, ਲੀਚਟਨਸਟਾਈਨ, ਉੱਤਰੀ ਮੈਸੇਡੋਨੀਆ ਅਤੇ ਤਾਈਵਾਨ ਸ਼ਾਮਲ ਹਨ। ਦੱਸਣਯੋਗ ਹੈ ਕਿ ਫਾਰਮਾਸਿਊਟੀਕਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ਼ ਇੰਡੀਆ ਅਨੁਸਾਰ, ਭਾਰਤ ਨੇ ਸਾਲ 2024-25 ਵਿੱਚ 30.46 ਅਰਬ ਡਾਲਰ ਦੀਆਂ ਦਵਾਈਆਂ ਦਾ ਨਿਰਯਾਤ ਕੀਤਾ ਸੀ, ਜਿਸ ਵਿੱਚ ਅਮਰੀਕਾ ਇੱਕ ਪ੍ਰਮੁੱਖ ਬਾਜ਼ਾਰ ਹੈ। ਟੈਰਿਫ ਛੋਟ ਲਈ ਅਰਜ਼ੀ ਦੀ ਪ੍ਰਕਿਰਿਆ ਅਮਰੀਕੀ ਵਣਜ ਵਿਭਾਗ ਨੇ ਕੰਪਨੀਆਂ ਲਈ ਵਿਸ਼ੇਸ਼ ਸਿਹਤ ਸੰਕਟਾਂ ਨਾਲ ਨਜਿੱਠਣ ਲਈ ਜ਼ਰੂਰੀ ਦਵਾਈਆਂ ਉੱਤੇ ਛੋਟ ਪ੍ਰਾਪਤ ਕਰਨ ਵਾਸਤੇ ਇੱਕ ਵਿਸ਼ੇਸ਼ ਪ੍ਰਕਿਰਿਆ ਵੀ ਤਿਆਰ ਕੀਤੀ ਹੈ। ਇਸ ਲਈ ਫਰਮਾਂ ਨੂੰ ਉਤਪਾਦ ਦੇ ਵਰਗੀਕਰਨ, ਇਸਦੇ ਸਕ੍ਰਿਯ ਤੱਤਾਂ (Active Ingredients), ਨਿਰਮਾਤਾ, ਮੂਲ ਦੇਸ਼ ਅਤੇ ਸਬੰਧਤ ਡਾਕਟਰੀ ਜ਼ਰੂਰਤ ਦੀ ਜਾਣਕਾਰੀ ਦੇਣੀ ਪਵੇਗੀ। ਇਨ੍ਹਾਂ ਅਰਜ਼ੀਆਂ ਦੀ ਜਾਂਚ ਵਣਜ ਵਿਭਾਗ ਵੱਲੋਂ ਅਮਰੀਕੀ ਵਪਾਰ ਪ੍ਰਤੀਨਿਧੀ ਅਤੇ ਸਿਹਤ ਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਨਾਲ ਮਿਲ ਕੇ ਕੀਤੀ ਜਾਵੇਗੀ।

Posted By: Daily Suraj Bureau

Latest News