Daily Suraj

ਪੰਜਾਬੀ

ਸ਼ੁਭੇਂਦੂ ਅਧਿਕਾਰੀ ਦੇ ਸਹਿਯੋਗੀ ਦੀ ਹੱਤਿਆ ਤੋਂ ਬਾਅਦ ਬੰਗਾਲ ’ਚ ਫਿਰ ਹਿੰਸਾ

07 May, 2026 05:00 PM

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਪਾਣੀਹਾਟੀ ਇਲਾਕੇ ਵਿੱਚ ਕਥਿਤ ਬੰਬ ਹਮਲੇ ਦੌਰਾਨ ਭਾਜਪਾ ਦੇ ਪੰਜ ਸਮਰਥਕ ਜ਼ਖਮੀ ਹੋ ਗਏ। ਪੁਲੀਸ ਨੇ ਵੀਰਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ। ਇਹ ਘਟਨਾ ਬੁੱਧਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਕਰੀਬੀ ਸਹਿਯੋਗੀ ਚੰਦਰਨਾਥ ਰਥ ਦੀ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਪੁਲੀਸ ਅਨੁਸਾਰ ਬੰਬ ਧਮਾਕਾ ਪਾਣੀਹਾਟੀ ਵਿੱਚ ਸੇਂਟ ਜ਼ੇਵੀਅਰਜ਼ ਇੰਸਟੀਚਿਊਟ ਨੇੜੇ ਹੋਇਆ। ਅਣਪਛਾਤੇ ਹਮਲਾਵਰਾਂ ਨੇ ਭਾਜਪਾ ਵਰਕਰਾਂ ਦੇ ਇੱਕ ਸਮੂਹ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ’ਤੇ ਦੇਸੀ ਬੰਬ ਸੁੱਟੇ, ਜਿਸ ਕਾਰਨ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਸੂਤਰਾਂ ਮੁਤਾਬਕ ਭਾਜਪਾ ਵਰਕਰ ਪਾਣੀਹਾਟੀ ਦੇ ਵਾਰਡ ਨੰਬਰ 2 ਵਿੱਚ ਦੱਤਾ ਰੋਡ ’ਤੇ ਲੋਕਾਂ ਨਾਲ ਸੰਪਰਕ ਕਰ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਕੁਝ ਵਿਅਕਤੀਆਂ ਨੇ ਉਨ੍ਹਾਂ ’ਤੇ ਬੰਬਾਂ ਨਾਲ ਹਮਲਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਹਮਲਾਵਰਾਂ ਨੂੰ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਹਮਾਇਤ ਪ੍ਰਾਪਤ ਸੀ। ਹਾਲਾਂਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਿੱਥੇ ਇਹ ਧਮਾਕਾ ਹੋਇਆ, ਉਹ ਇਲਾਕਾ ਆਰ.ਜੀ. ਕਰ ਹਸਪਤਾਲ ਦੀ ਜਬਰ-ਜ਼ਨਾਹ ਪੀੜਤਾ ਦੀ ਮਾਤਾ ਅਤੇ ਨਵੀਂ ਚੁਣੀ ਗਈ ਭਾਜਪਾ ਵਿਧਾਇਕ ਰਤਨਾ ਦੇਬਨਾਥ ਦੇ ਨਿਵਾਸ ਦੇ ਨੇੜੇ ਸਥਿਤ ਹੈ।

Posted By: Daily Suraj Bureau

Latest News