ਆਸਟਰੇਲੀਆ: ਪਾਰਟਨਰ ਵੀਜ਼ਾ ਨਿਯਮ ਹੋਣਗੇ ਸਖ਼ਤ, ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼
- ਨਿਰਮਾਣ ਖੇਤਰ ਲਈ ਹੁਨਰਮੰਦ ਕਾਮਿਆਂ ਨੂੰ ਵਧੇਰੇ ਤਰਜੀਹ
- ਸ਼ੁੱਧ ਪਰਵਾਸੀ ਆਮਦ 2022 ਤੋਂ ਬਾਅਦ ਸਭ ਤੋਂ ਹੇਠਾਂ ਪੱਧਰ ’ਤੇ
ਸਿਡਨੀ – ਆਸਟਰੇਲੀਆ ਦੀ ਲੇਬਰ ਸਰਕਾਰ ਨੇ ਪਰਵਾਸੀ ਨੀਤੀਆਂ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਪਰਵਾਸੀਆਂ ਦੀ ਆਮਦ ਬਾਰੇ ਢਿੱਲ ਦੇਣ ’ਤੇ ਘਿਰੀ ਸਰਕਾਰ ਨੇ ਹੁਣ ਆਪਣਾ ਬਚਾਅ ਕਰਦਿਆਂ ਵੀਜ਼ਾ ਪ੍ਰਣਾਲੀ ਵਿੱਚ ਸਖ਼ਤੀ ਕਰਨ ਦੀ ਤਿਆਰੀ ਕੀਤੀ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਨੈਸ਼ਨਲ ਪ੍ਰੈੱਸ ਕਲੱਬ ਵਿੱਚ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਉਹਨਾਂ ਕਮੀਆਂ ਨੂੰ ਬੰਦ ਕਰੇਗੀ ਜਿਨ੍ਹਾਂ ਰਾਹੀਂ ਲੋਕ ਘੱਟ ਪੱਧਰ ਦੇ ਕੋਰਸਾਂ ਜਾਂ ਡਿਗਰੀਆਂ ਰਾਹੀਂ ਆਪਣੀ ਵੀਜ਼ਾ ਸਥਿਤੀ ਬਦਲ ਸਕਦੇ ਹਨ। ਇਸੇ ਨਾਲ ਪਾਰਟਨਰ / ਸਪਾਊਸ ਵੀਜ਼ਾ ਪ੍ਰਬੰਧ ਵਿੱਚ ਸਖ਼ਤੀ ਕੀਤੀ ਜਾਵੇਗੀ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼ ਹੋਵੇਗੀ। ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਨਿਰਮਾਣ ਖੇਤਰ ਲਈ ਲੋੜੀਂਦੇ ਹੁਨਰਮੰਦ ਕਾਮਿਆਂ ਨੂੰ ਸਥਾਈ ਅਤੇ ਆਰਜ਼ੀ ਦੋਵੇਂ ਪਰਵਾਸ ਪ੍ਰੋਗਰਾਮਾਂ ਵਿੱਚ ਵਧੇਰੇ ਤਰਜੀਹ ਦਿੱਤੀ ਜਾਵੇਗੀ। ਮੰਤਰੀ ਬਰਕ ਅਨੁਸਾਰ, ਇਸ ਨਾਲ ਘਰਾਂ ਦੀ ਉਸਾਰੀ ਲਈ ਲੋੜੀਂਦੀ ਮਜ਼ਦੂਰੀ ਉਪਲੱਬਧ ਹੋਵੇਗੀ, ਰਿਹਾਇਸ਼ੀ ਸਪਲਾਈ ਵਧੇਗੀ ਅਤੇ ਕਿਰਾਏ ’ਤੇ ਹੇਠਾਂ ਵੱਲ ਦਬਾਅ ਪੈ ਸਕਦਾ ਹੈ। ਇਸੇ ਦੌਰਾਨ ਜਾਰੀ ਬਿਊਰੋ ਦੇ ਅੰਕੜਿਆਂ ਅਨੁਸਾਰ, ਮਾਰਚ ਤਿਮਾਹੀ ਵਿੱਚ ਸ਼ੁੱਧ ਵਿਦੇਸ਼ੀ ਪਰਵਾਸ 101,005 ਰਿਹਾ, ਜੋ ਸਾਲ 2025 ਦੀ ਇਸੇ ਮਿਆਦ ਨਾਲੋਂ 6% ਘੱਟ ਹੈ। ਸਾਲਾਨਾ ਆਧਾਰ ’ਤੇ ਇਹ ਅੰਕੜਾ 292,100 ਰਿਹਾ, ਜੋ ਸਾਲ 2022 ਦੇ ਮੱਧ ਤੋਂ ਬਾਅਦ ਸਭ ਤੋਂ ਘੱਟ ਪੱਧਰ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਅਰਥਵਿਵਸਥਾ ਦੀਆਂ ਲੋੜਾਂ ਅਤੇ ਪਰਵਾਸ ਪ੍ਰੋਗਰਾਮ ਵਿਚਕਾਰ ਸੰਤੁਲਨ ਬਣਾਉਣਾ ਹੈ।
Posted By: Daily Suraj Bureau