Daily Suraj

ਪੰਜਾਬੀ

ਚੀਨ ਦੇ ਗਾਨਸੂ ਸੂਬੇ ਵਿੱਚ ਜ਼ਮੀਨ ਖਿਸਕਣ ਨਾਲ 21 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

08 Jul, 2026 05:11 PM

ਉੱਤਰ-ਪੱਛਮੀ ਚੀਨ ਦੇ ਗਾਨਸੂ ਸੂਬੇ ਦੇ ਤਾਨਚਾਂਗ ਕਾਊਂਟੀ ਵਿੱਚ ਆਏ ਭਿਆਨਕ ਭੂ-ਖਿਸਕਣ ਕਾਰਨ 21 ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖਮੀ ਹੋਏ ਹਨ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਸਥਾਨਕ ਹਸਪਤਾਲਾਂ ਵਿੱਚ ਜਾਰੀ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਲੋਂਗਨਾਨ ਨਗਰਪਾਲਿਕਾ ਸਰਕਾਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਮੰਗਲਵਾਰ ਸਵੇਰੇ ਕਰੀਬ 6:56 ਵਜੇ ਲੋਂਗਨਾਨ ਸ਼ਹਿਰ ਦੇ ਨਾਨਹੇ ਟਾਊਨਸ਼ਿਪ ਦੇ ਰੇਨਜ਼ਾਂਗ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਕਾਰਨ 33 ਲੋਕ ਮਲਬੇ ਹੇਠ ਫਸ ਗਏ ਸਨ। ਬਚਾਅ ਟੀਮਾਂ ਨੇ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ, ਫਾਇਰ ਬ੍ਰਿਗੇਡ, ਪੁਲਿਸ ਅਤੇ ਹੋਰ ਰਾਹਤ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਚੀਨ ਦੇ ਕੁਦਰਤੀ ਸਰੋਤ ਮੰਤਰਾਲੇ ਨੇ ਭੂ-ਵਿਗਿਆਨਕ ਆਫ਼ਤ ਲਈ ਲੈਵਲ-III ਐਮਰਜੈਂਸੀ ਪ੍ਰਤੀਕਿਰਿਆ ਲਾਗੂ ਕਰ ਦਿੱਤੀ ਅਤੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਕਾਰਜ ਸਮੂਹ ਵੀ ਮੌਕੇ 'ਤੇ ਭੇਜਿਆ। ਅਧਿਕਾਰੀਆਂ ਮੁਤਾਬਕ, ਚੱਲ ਰਹੇ ਖੋਜ ਅਤੇ ਬਚਾਅ ਅਭਿਆਨ ਲਈ 345 ਬਚਾਅ ਕਰਮਚਾਰੀਆਂ ਅਤੇ 10 ਖੋਜੀ ਕੁੱਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਪ੍ਰਭਾਵਿਤ ਖੇਤਰ ਵਿੱਚ ਰਾਹਤ ਅਤੇ ਖੋਜ ਕਾਰਜ ਲਗਾਤਾਰ ਜਾਰੀ ਹਨ। ਗਾਨਸੂ ਸੂਬਾਈ ਸਿਹਤ ਕਮਿਸ਼ਨ ਨੇ 13 ਮੈਡੀਕਲ ਕਰਮਚਾਰੀਆਂ ਸਮੇਤ ਚਾਰ ਐਮਰਜੈਂਸੀ ਮੈਡੀਕਲ ਟੀਮਾਂ ਨੂੰ ਤਾਨਚਾਂਗ ਕਾਊਂਟੀ ਭੇਜਿਆ ਹੈ। ਇਨ੍ਹਾਂ ਟੀਮਾਂ ਵਿੱਚ ਇੰਟੈਂਸਿਵ ਕੇਅਰ, ਟਰਾਮਾ ਇਲਾਜ ਅਤੇ ਬਾਲ ਰੋਗ ਵਿਸ਼ੇਸ਼ਗਿਆਰ ਸ਼ਾਮਲ ਹਨ। ਇਸ ਤੋਂ ਇਲਾਵਾ ਗਾਨਸੂ ਸੂਬਾਈ ਪੀਪਲਜ਼ ਹਸਪਤਾਲ ਤੋਂ ਇੰਟੈਂਸਿਵ ਕੇਅਰ, ਆਰਥੋਪੀਡਿਕਸ ਅਤੇ ਜਨਰਲ ਸਰਜਰੀ ਦੇ ਤਿੰਨ ਮਾਹਰਾਂ ਨੂੰ ਵੀ ਮੌਕੇ 'ਤੇ ਇਲਾਜ ਦੀ ਅਗਵਾਈ ਲਈ ਭੇਜਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਐਮਰਜੈਂਸੀ ਮੈਡੀਕਲ ਇਲਾਜ ਲਈ ਵਿਸ਼ੇਸ਼ 'ਗ੍ਰੀਨ ਚੈਨਲ' ਸ਼ੁਰੂ ਕੀਤੇ ਹਨ ਅਤੇ ਬਚਾਅ ਕਾਰਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਰਿਮੋਟ ਸਲਾਹ-ਮਸ਼ਵਰਾ ਪਲੇਟਫਾਰਮ ਵੀ ਸਥਾਪਤ ਕੀਤਾ ਗਿਆ ਹੈ। ਮਾਹਿਰਾਂ ਦੇ ਅਨੁਸਾਰ, ਚੀਨ ਦਾ ਲਗਭਗ 69 ਫ਼ੀਸਦੀ ਭੂ-ਭਾਗ ਪਹਾੜੀ ਜਾਂ ਪਠਾਰੀ ਖੇਤਰ ਹੈ। ਸਰਗਰਮ ਟੈਕਟੋਨਿਕ ਪਲੇਟਾਂ, ਨਾਜ਼ੁਕ ਮਿੱਟੀ ਅਤੇ ਤੇਜ਼ ਮਾਨਸੂਨੀ ਵਰਖਾ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ।

Posted By: Daily Suraj Bureau

Latest News