ਪੱਛਮੀ ਬੰਗਾਲ ਵਿੱਚ ਸਿਆਸੀ ਪਲਟਾਅ ਦੇ ਸੰਕੇਤ, ਭਾਜਪਾ ਅੱਗੇ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਨੇ ਸੂਬੇ ਦੀ ਸਿਆਸਤ ਵਿੱਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਹੁਮਤ ਦਾ ਅੰਕੜਾ ਪਾਰ ਕਰਦੇ ਹੋਏ ਮਜ਼ਬੂਤ ਬੜ੍ਹਤ ਬਣਾਈ ਹੈ। ਰੁਝਾਨਾਂ ਅਨੁਸਾਰ ਭਾਜਪਾ ਕਰੀਬ 192 ਸੀਟਾਂ ’ਤੇ ਅੱਗੇ ਹੈ, ਜਦਕਿ ਤ੍ਰਿਣਮੂਲ ਕਾਂਗਰਸ (ਟੀਐਮਸੀ) ਲਗਭਗ 94 ਸੀਟਾਂ ’ਤੇ ਸਿਮਟੀ ਨਜ਼ਰ ਆ ਰਹੀ ਹੈ। ਕਾਂਗਰਸ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ, ਜਦਕਿ ਲੈਫਟ ਅਤੇ ਹੋਰ ਪਾਰਟੀਆਂ ਬਹੁਤ ਪਿੱਛੇ ਹਨ। ਪਿਛਲੇ ਕਰੀਬ 15 ਸਾਲਾਂ ਤੋਂ ਸੱਤਾ ’ਤੇ ਕਾਬਜ਼ ਟੀਐਮਸੀ ਲਈ ਇਹ ਨਤੀਜੇ ਚਿੰਤਾਜਨਕ ਮੰਨੇ ਜਾ ਰਹੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠ ਪਾਰਟੀ ਨੂੰ ਆਪਣੇ ਮਜ਼ਬੂਤ ਗੜ੍ਹਾਂ ਵਿੱਚ ਵੀ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਭਾਜਪਾ ਨੇ ਰਵਾਇਤੀ ਵੋਟ ਬੈਂਕ ਦੇ ਨਾਲ-ਨਾਲ ਨਵੇਂ ਖੇਤਰਾਂ ਵਿੱਚ ਵੀ ਵੱਡੀ ਪੈਠ ਬਣਾਈ ਹੈ। ਭਵਾਨੀਪੁਰ ਵਿਧਾਨ ਸਭਾ ਹਲਕੇ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿੱਥੇ ਮਮਤਾ ਬੈਨਰਜੀ ਅਤੇ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਵਿਚਕਾਰ ਕਾਂਟੇ ਦੀ ਟੱਕਰ ਜਾਰੀ ਹੈ। ਗਿਣਤੀ ਦੌਰਾਨ ਕੁਝ ਗੇੜਾਂ ਵਿੱਚ ਮਮਤਾ ਬੈਨਰਜੀ ਦੀ ਲੀਡ ਘੱਟ ਹੋਣ ਤੋਂ ਬਾਅਦ ਉਹ ਖੁਦ ਗਿਣਤੀ ਕੇਂਦਰ ਪਹੁੰਚੀ। ਇੱਥੇ ਟੀਐਮਸੀ ਵੱਲੋਂ ਆਪਣੇ ਏਜੰਟ ਨੂੰ ਜ਼ਬਰਦਸਤੀ ਬਾਹਰ ਕੱਢਣ ਦੇ ਦੋਸ਼ ਵੀ ਲਗਾਏ ਗਏ ਹਨ। ਇਸੇ ਦੌਰਾਨ ਟੋਲੀਗੰਜ ਸੀਟ ਤੋਂ ਵੀ ਰੁਚਿਕਰ ਤਸਵੀਰ ਸਾਹਮਣੇ ਆਈ ਹੈ, ਜਿੱਥੇ ਟੀਐਮਸੀ ਦੇ ਦਿੱਗਜ ਨੇਤਾ ਅਤੇ ਮੰਤਰੀ ਅਰੂਪ ਬਿਸਵਾਸ ਭਾਜਪਾ ਉਮੀਦਵਾਰ ਪਾਪੀਆ ਅਧਿਕਾਰੀ ਤੋਂ ਹਲਕੇ ਫਰਕ ਨਾਲ ਪਿੱਛੇ ਚੱਲ ਰਹੇ ਹਨ। ਆਸਨਸੋਲ ਦੱਖਣੀ ਵਿੱਚ ਭਾਜਪਾ ਦੀ ਅਗਨੀਮਿਤਰਾ ਪਾਲ ਨੇ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਬੜ੍ਹਤ ਬਣਾਈ ਹੋਈ ਹੈ। ਚੋਣ ਨਤੀਜਿਆਂ ਦੇ ਰੁਝਾਨਾਂ ਨਾਲ ਭਾਜਪਾ ਖੇਮੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕੋਲਕਾਤਾ ਸਥਿਤ ਪਾਰਟੀ ਦਫ਼ਤਰ ਦੇ ਬਾਹਰ ਵਰਕਰਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮ 6 ਵਜੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਪਹੁੰਚਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਗਿਣਤੀ ਦੌਰਾਨ ਕਈ ਥਾਵਾਂ ’ਤੇ ਤਣਾਅ ਅਤੇ ਵਿਵਾਦ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਕੁਝ ਕੇਂਦਰਾਂ ’ਤੇ ਟੀਐਮਸੀ ਅਤੇ ਭਾਜਪਾ ਦੇ ਏਜੰਟਾਂ ਵਿਚਾਲੇ ਤਿੱਖੀ ਤਕਰਾਰ ਹੋਈ, ਜਦਕਿ ਉੱਤਰੀ 24 ਪਰਗਨਾ ਵਿੱਚ ਧਾਂਦਲੀ ਦੇ ਦੋਸ਼ ਵੀ ਲਗੇ। ਹਾਲਾਂਕਿ ਚੋਣ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਗਿਣਤੀ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਜਾਰੀ ਹੈ ਅਤੇ ਛੋਟੀਆਂ ਤਕਨੀਕੀ ਦਿੱਕਤਾਂ ਨੂੰ ਤੁਰੰਤ ਦੂਰ ਕਰ ਦਿੱਤਾ ਗਿਆ ਹੈ। ਕੁੱਲ ਮਿਲਾ ਕੇ, ਪੱਛਮੀ ਬੰਗਾਲ ਦੇ ਇਹ ਨਤੀਜੇ ਸੂਬੇ ਦੀ ਸਿਆਸਤ ਵਿੱਚ ਇਕ ਨਵਾਂ ਅਧਿਆਇ ਲਿਖਣ ਵੱਲ ਇਸ਼ਾਰਾ ਕਰ ਰਹੇ ਹਨ, ਜਿੱਥੇ ਸਾਲਾਂ ਤੋਂ ਕਾਇਮ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ।
Posted By: Daily Suraj Bureau