ਗੁਵਾਹਾਟੀ 'ਚ ਦਿਲ ਦਹਿਲਾਉਣ ਵਾਲਾ ਕਾਰਾ: ਪਤਨੀ ਦਾ ਕਤਲ ਕਰਕੇ ਫ੍ਰਿਜ 'ਚ ਰੱਖਿਆ ਸਿਰ, ਦੋਸ਼ੀ ਪਤੀ ਗ੍ਰਿਫ਼ਤਾਰ
ਅਸਾਮ ਦੇ ਗੁਵਾਹਾਟੀ ਤੋਂ ਇੱਕ ਅਤਿਅੰਤ ਖ਼ੌਫ਼ਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਨੇ ਨਾ ਕੇਵਲ ਆਪਣੀ ਪਤਨੀ ਦਾ ਸਿਰ ਧੜ ਤੋਂ ਵੱਖ ਕਰਕੇ ਫ੍ਰਿਜ ਵਿੱਚ ਛੁਪਾ ਦਿੱਤਾ, ਸਗੋਂ ਉਸ ਦੇ ਦੋਵਾਂ ਹੱਥਾਂ ਦੀਆਂ ਉਂਗਲਾਂ ਵੀ ਵੱਢ ਦਿੱਤੀਆਂ। ਮ੍ਰਿਤਕ ਔਰਤ ਦੀ ਪਛਾਣ ਰਿਆ ਤਾਲੁਕਦਾਰ ਗੋਸਵਾਮੀ ਵਜੋਂ ਹੋਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਅਤੇ ਮ੍ਰਿਤਕਾ ਦੇ ਪਤੀ ਰਾਮਾਨੁਜਨ ਗੋਸਵਾਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਦੋਸ਼ੀ ਪਤੀ ਨੇ ਆਪ ਪੁਲਿਸ ਅੱਗੇ ਆਤਮ-ਸਮਰਪਣ ਕਰਕੇ ਕਥਿਤ ਤੌਰ 'ਤੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦਾ ਭੇਦ ਐਤਵਾਰ ਰਾਤ ਨੂੰ ਉਸ ਸਮੇਂ ਖੁੱਲ੍ਹਿਆ, ਜਦੋਂ ਗੁਆਂਢੀਆਂ ਨੇ ਉਕਤ ਫਲੈਟ 'ਚੋਂ ਅਸਹਿ ਬਦਬੂ ਆਉਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇਤਲਾਹ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਦੋਂ ਫਲੈਟ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਰੈਫ੍ਰਿਜਰੇਟਰ ਅੰਦਰ ਰੱਖੇ ਇੱਕ ਪੋਲੀਥੀਨ ਬੈਗ 'ਚੋਂ ਔਰਤ ਦਾ ਵੱਢਿਆ ਹੋਇਆ ਸਿਰ ਬਰਾਮਦ ਹੋਇਆ। ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਦੀਆਂ ਕੁਝ ਉਂਗਲਾਂ ਵੀ ਬੇਰਹਮੀ ਨਾਲ ਵੱਢੀਆਂ ਗਈਆਂ ਸਨ। ਫਿਲਹਾਲ ਪੁਲਿਸ ਨੇ ਮੁੱਖ ਦੋਸ਼ੀ ਰਾਮਾਨੁਜਨ ਗੋਸਵਾਮੀ ਨੂੰ ਹਿਰਾਸਤ 'ਚ ਲੈ ਲਿਆ ਹੈ, ਪਰ ਹੱਤਿਆ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਸੀ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ। ਪੁਲਿਸ ਵੱਲੋਂ ਦੋਸ਼ੀ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹਰ ਸੰਭਵ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।
Posted By: Daily Suraj Bureau