Daily Suraj

ਪੰਜਾਬੀ

ਓਮਾਨ ਕੋਲ ਵਪਾਰਕ ਜਹਾਜ਼ ਨਿਸ਼ਾਨਾ ਬਣਿਆ, ਵਿਦੇਸ਼ ਮੰਤਰਾਲੇ ਨੇ ਕਿਹਾ- ਹਮਲਾ ਅਸਵੀਕਾਰਨਯੋਗ

14 May, 2026 05:48 PM

ਓਮਾਨ ਦੇ ਤੱਟ ਨੇੜੇ ਭਾਰਤੀ ਝੰਡੇ ਵਾਲੇ ਇੱਕ ਵਪਾਰਕ ਜਹਾਜ਼ ’ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲੇ (MEA) ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਹਾਜ਼ ’ਤੇ ਸਵਾਰ ਸਾਰੇ ਭਾਰਤੀ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਮੰਤਰਾਲੇ ਅਨੁਸਾਰ ਇਹ ਹਮਲਾ ਬੁੱਧਵਾਰ ਨੂੰ ਹੋਇਆ ਸੀ। ਹਾਲਾਂਕਿ ਹਮਲਾ ਕਿਸ ਨੇ ਕੀਤਾ, ਇਸ ਬਾਰੇ ਤੁਰੰਤ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਭਾਰਤ ਸਰਕਾਰ ਨੇ ਇਸ ਘਟਨਾ ਨੂੰ “ਅਸਵੀਕਾਰਨਯੋਗ” ਕਰਾਰ ਦਿੰਦਿਆਂ ਇਸ ਦੀ ਕੜੀ ਨਿਖੇਧੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਓਮਾਨ ਦੇ ਤੱਟ ਨੇੜੇ ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਹੋਇਆ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੰਤਰਾਲੇ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਮਲਾਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਣਾ ਨਿੰਦਣਯੋਗ ਹੈ। ਮੰਤਰਾਲੇ ਨੇ ਅੱਗੇ ਦੱਸਿਆ ਕਿ ਜਹਾਜ਼ ’ਤੇ ਮੌਜੂਦ ਸਾਰੇ ਭਾਰਤੀ ਮਲਾਹ ਸੁਰੱਖਿਅਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੁਰੱਖਿਅਤ ਬਚਾਉਣ ਲਈ ਓਮਾਨ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ, ਬੇਗੁਨਾਹ ਨਾਗਰਿਕ ਚਾਲਕ ਦਲ ਨੂੰ ਖਤਰੇ ਵਿੱਚ ਪਾਉਣ ਅਤੇ ਸਮੁੰਦਰੀ ਆਵਾਜਾਈ ਤੇ ਵਪਾਰ ਦੀ ਆਜ਼ਾਦੀ ਵਿੱਚ ਰੁਕਾਵਟ ਪੈਦਾ ਕਰਨ ਵਾਲੀਆਂ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਅੰਤਰਰਾਸ਼ਟਰੀ ਸਮੁੰਦਰੀ ਰਾਹਾਂ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਹੀ ਚਿੰਤਾਵਾਂ ਵਧ ਰਹੀਆਂ ਹਨ ਅਤੇ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਦੇ ਮਾਮਲੇ ਵਿਸ਼ਵ ਪੱਧਰ ’ਤੇ ਧਿਆਨ ਖਿੱਚ ਰਹੇ ਹਨ।

Posted By: Daily Suraj Bureau

Latest News