Daily Suraj

ਪੰਜਾਬੀ

ਆਸਟ੍ਰੇਲੀਆ ‘ਚ ਅੱਤ ਦੀ ਗਰਮੀ ਨੇ ਵਧਾਈ ਚਿੰਤਾ, ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ‘ਚ ਜੰਗਲੀ ਅੱਗ

09 Jan, 2026 03:30 PM

– ਫਾਇਰਫਾਈਟਰ ਵੱਲੋਂ ਅੱਗ ‘ਤੇ ਪਾਇਆ ਜਾ ਰਿਹਾ ਕਾੱਬੂ
– ਸਰਕਾਰ ਵੱਲੋਂ ਅਲਰਟ ਜਾਰੀ ਮੈਲਬੌਰਨ, ਇਨ੍ਹੀ ਦਿਨੀਂ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ (Australia) ‘ਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਹੀਟ ਵੇਵ ਕਾਰਨ ਜੰਗਲੀ ਇਲਾਕੇ ਅੱਗ ਦੀ ਭੇਟ ਚੜ੍ਹ ਰਹੇ ਹਨ। ਤਾਪਮਾਨ ਲਗਪਗ 45 ਡਿਗਰੀ ਤੋਂ ਪਾਰ ਜਾ ਰਿਹਾ ਰਿਹਾ ਹੈ, ਜਿਸ ਕਾਰਨ ਜੰਗਲਾਂ ‘ਚ ਸੁੱਕੇ ਘਾਹ-ਝਾੜੀਆਂ ਅਤੇ ਦਰਖਤ ਅੱਗ ਫੜ ਰਹੇ ਹਨ। ਅਜਿਹੇ ‘ਚ ਵਿਕਟੋਰੀਆ ਵਿੱਚ ਫਾਇਰਫਾਈਟਰ ਪੇਂਡੂ ਖੇਤਰਾਂ ਵਿੱਚ ਅੱਗ ਨੂੰ ਕਾਬੂ ਕਰਨ ਲਈ ਜੂਝ ਰਹੇ ਹਨ। ਜਦੋਂ ਕਿ ਨਿਊ ਸਾਊਥ ਵੇਲਜ਼ ਦੇ ਕੁਝ ਹਿੱਸਿਆਂ ਵਿੱਚ ਛੋਟੀਆਂ ਅੱਗਾਂ ਦੀ ਇੱਕ ਲੜੀ ਫੈਲ ਗਈ ਹੈ। ਰਾਸ਼ਟਰੀ ਮੌਸਮ ਬਿਊਰੋ ਨੇ ਕਿਹਾ ਕਿ ਕੁਝ ਇਲਾਕਿਆਂ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਦੇ ਉੱਚੇ ਪੱਧਰ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ‘ਚ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਦੇ ਅਧਿਕਾਰੀ ਹਾਈ ਅਲਰਟ ‘ਤੇ ਹਨ ਕਿਉਂਕਿ ਗਰਮ ਤਾਪਮਾਨ ਅਤੇ ਗਰਮ ਤੇਜ਼ ਹਵਾਵਾਂ ਕਾਰਨ ਦੋਵਾਂ ਰਾਜਾਂ ਵਿੱਚ ਵਾਰ-ਵਾਰ ਅੱਗ ਲੱਗਣ ਦੀਆਂ ਸਥਿਤੀਆਂ ਪੈਦਾ ਹੋ ਰਹੀਆਂ ਹਨ। ਦੇਸ਼ ਦੇ ਕਿੰਗਲੇਕ, ਮੈਰੀਸਵਿਲ, ਫਲਾਵਰਡੇਲ ਅਤੇ ਬਕਸਟਨ ਆਦਿ ਇਲਾਕਿਆਂ ‘ਚ ਅੱਗ ਲੱਗਣ ਦੀਆਂ ਜ਼ਿਆਦਾ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦੇਸ਼ ਦੇ ਜ਼ਿਆਦਾ ਆਬਾਦੀ ਵਾਲੇ ਪੂਰਬੀ ਤੱਟ ਦੇ ਕੁਝ ਹਿੱਸੇ ਵੀ ਗਰਮੀ ਦੀ ਲਹਿਰ ਦੀ ਲਪੇਟ ਵਿੱਚ ਆ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਲੋਕਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਕਿ ਉਹ ਅੱਗ ਲੱਗਣ ਵਾਲੇ ਇਲਾਕਿਆਂ ਤੋਂ ਦੂਰ ਸੁਰੱਖਿਅਤ ਥਾਵਾਂ ‘ਤੇ ਰਹਿਣ ਅਤੇ ਇਸ ਦੇ ਨਾਲ ਹੀ ਸਰਕਾਰ ਵੱਲੋਂ ਪੂਰੇ ਵਿਕਟੋਰੀਆ ਵਿੱਚ ਵਾਰ-ਵਾਰ ਲੱਗ ਰਹੀ ਅੱਗ ਕਾਰਨ ਹਵਾ ਦੀ ਗੁਣਵੱਤਾ ਖਰਾਬ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਜੇ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅਜੇ ਅਗਲੇ ਤਿੰਨ ਤੋਂ ਚਾਰ ਦਿਨ ਤੱਕ ਮੀਂਹ ਦੀ ਕੋਈ ਸੰਭਾਵਨਾਂ ਨਹੀਂ ਹੈ।

Posted By: Daily Suraj Bureau

Latest News