ਹਲਦਵਾਨੀ ‘ਸ਼ੁੱਧੀਕਰਨ’ ਮਾਮਲਾ: ਉੱਤਰਾਖੰਡ ਪੁਲਿਸ ਵੱਲੋਂ FIR ਦਰਜ ਹੋਣ ਤੋਂ ਬਾਅਦ ਪੰਜਾਬ ਕਾਂਗਰਸ SC ਵਿਭਾਗ ਦਾ 8 ਦਿਨਾਂ ਧਰਨਾ ਸਮਾਪਤ
ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਕੌਮੀ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਉੱਤਰਾਖੰਡ ਦੇ ਹਲਦਵਾਨੀ ਸਥਿਤ ਰਾਮਲੀਲਾ ਮੈਦਾਨ ਵਿਖੇ ਕੀਤੇ ਗਏ ਕਥਿਤ ‘ਸ਼ੁੱਧੀਕਰਨ’ ਦੇ ਗ਼ੈਰ-ਸੰਵਿਧਾਨਕ ਕਾਰੇ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਬਦਲਾਖੋਰੀ ਵਾਲੀ ਐੱਫ.ਆਈ.ਆਰ. ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਭਵਨ ਵਿਖੇ ਚੱਲ ਰਿਹਾ ਲੜੀਵਾਰ ਧਰਨਾ ਅੱਜ ਲਗਾਤਾਰ 8ਵੇਂ ਦਿਨ ਸਫ਼ਲਤਾਪੂਰਵਕ ਸਮਾਪਤ ਹੋ ਗਿਆ ਹੈ। ਉੱਤਰਾਖੰਡ ਪੁਲਿਸ ਵੱਲੋਂ ਕਾਂਗਰਸ ਦੇ ਭਾਰੀ ਦਬਾਅ ਅੱਗੇ ਝੁਕਦਿਆਂ ਦੋਸ਼ੀਆਂ ਵਿਰੁੱਧ ਹਲਦਵਾਨੀ ਕੋਤਵਾਲੀ ਵਿਖੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 196, 299 ਅਤੇ ਐੱਸ.ਸੀ./ਐੱਸ.ਟੀ. ਐਕਟ (SC/ST Act) ਦੀ ਧਾਰਾ 3(1)(r) ਤਹਿਤ ਮੁਕੱਦਮਾ ਦਰਜ ਕੀਤੇ ਜਾਣ ਤੋਂ ਬਾਅਦ ਪਾਰਟੀ ਲੀਡਰਸ਼ਿਪ ਨੇ ਧਰਨਾ ਚੁੱਕਣ ਦਾ ਫ਼ੈਸਲਾ ਲਿਆ। ਧਰਨੇ ਦੀ ਸਮਾਪਤੀ ਦੇ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਕੋਆਰਡੀਨੇਟਰ ਸੁਧੀਰ ਚੌਧਰੀ, ਕੋ-ਇੰਚਾਰਜ ਮਨੀ ਰਾਮ ਅਤੇ ਸਟੇਟ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਕਿਹਾ ਕਿ ਲਗਾਤਾਰ 8 ਦਿਨਾਂ ਤੋਂ ਚੱਲ ਰਹੇ ਇਸ ਡਟਵੇਂ ਸੰਘਰਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵੱਲੋਂ ਰਚਿਤ ਸੰਵਿਧਾਨ ਅਤੇ ਦੱਬੇ-ਕੁਚਲੇ ਸਮਾਜ ਦੇ ਮਾਣ-ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਸ਼ਾਸਿਤ ਰਾਜ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਪਮਾਨ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਮਹੀਨਾ ਭਰ ਸੰਘਰਸ਼ ਕਰਨਾ ਪਿਆ, ਜਦਕਿ ਦਲਿਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਆਗੂ ਸ੍ਰੀ ਰਾਹੁਲ ਗਾਂਧੀ ‘ਤੇ ਤੁਰੰਤ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਸੀ।ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਭਾਵੇਂ ਐੱਫ.ਆਈ.ਆਰ. ਦਰਜ ਹੋਣ ਮਗਰੋਂ ਮੌਜੂਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ, ਪਰ ਪਾਰਟੀ ਦੀ ਤਿੱਖੀ ਨਜ਼ਰ ਪ੍ਰਸ਼ਾਸਨਿਕ ਕਾਰਵਾਈ ‘ਤੇ ਬਣੀ ਰਹੇਗੀ। ਆਗੂਆਂ ਨੇ ਆਖਿਆ ਕਿ ਜੇਕਰ ਮਾਮਲੇ ਦੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਸ੍ਰੀ ਰਾਹੁਲ ਗਾਂਧੀ ਵਿਰੁੱਧ ਦਰਜ ਸਿਆਸੀ ਰੰਜਿਸ਼ ਵਾਲਾ ਕੇਸ ਰੱਦ ਨਾ ਕੀਤਾ ਗਿਆ, ਤਾਂ ਇਹ ਸੰਘਰਸ਼ ਪੰਜਾਬ ਦੇ ਹਰ ਬਲਾਕ ਅਤੇ ਜ਼ਿਲ੍ਹੇ ਵਿੱਚ ਵਧਾ ਕੇ ਕਾਂਗਰਸੀ ਵਰਕਰ ਮੁੜ ਸੜਕਾਂ ‘ਤੇ ਉਤਰਨਗੇ।ਇਸ ਵਿਰੋਧ ਪ੍ਰਦਰਸ਼ਨ ਦੀ ਸਮਾਪਤੀ ਮੌਕੇ ਨੈਸ਼ਨਲ ਕੋਆਰਡੀਨੇਟਰ ਸੁਧੀਰ ਚੌਧਰੀ, ਕੋ-ਇੰਚਾਰਜ ਮਨੀ ਰਾਮ, ਸਟੇਟ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਵਰਕਿੰਗ ਚੇਅਰਮੈਨ ਯਾਮਿਨੀ ਗੋਮਰ, ਬਨੀ ਖਹਿਰਾ, ਮੋਹਨ ਸਿੰਘ ਫਲੀਆਂਵਾਲਾ, ਡਾਕਟਰ ਜੀਵਨਜੋਤ ਕੌਰ ਭੱਟੀ, ਨਾਹਰ ਸਿੰਘ ਫ਼ਿਰੋਜ਼ਪੁਰ, ਅਸ਼ਵਨੀ ਕੁਮਾਰ ਜਲੰਧਰ, ਦਰਸ਼ਨ ਸਿੰਘ ਸ਼ੁਤਰਾਣਾ, ਹਰਵਿੰਦਰ ਸਿੰਘ ਗੁਰਦਾਸਪੁਰ, ਵਾਈਸ ਚੇਅਰਮੈਨ ਪ੍ਰਿੰਸੀਪਲ ਸੁਲੱਖਣ ਸਿੰਘ, ਮੋਹਾਲੀ ਜ਼ਿਲ੍ਹਾ ਚੇਅਰਮੈਨ ਰਣਜੀਤ ਸਿੰਘ, ਲਖਵਿੰਦਰ ਸਿੰਘ (ਫ਼ਤਹਿਗੜ੍ਹ ਸਾਹਿਬ) ਅਤੇ ਅਜਮੇਰ ਸਿੰਘ (ਰੂਪਨਗਰ) ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।
Posted By: Daily Suraj Bureau