Daily Suraj

ਪੰਜਾਬੀ

ਪੰਜਾਬ 'ਚ ਬਿਜਲੀ ਸੰਕਟ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ: PSPCL ਦੇ CMD ਡਾ. ਬਸੰਤ ਗਰਗ ਹਟਾਏ ਗਏ, ਗੁਰਕੀਰਤ ਕਿਰਪਾਲ ਸਿੰਘ ਨੂੰ ਮਿਲੀ ਕਮਾਨ

14 Sep, 2026 02:30 PM

ਪੰਜਾਬ ਵਿੱਚ ਅਣ-ਐਲਾਨੇ ਅਤੇ ਲੰਬੇ ਬਿਜਲੀ ਕੱਟਾਂ ਕਾਰਨ ਉਦਯੋਗਪਤੀਆਂ ਅਤੇ ਕਿਸਾਨਾਂ ਵੱਲੋਂ ਖੋਲ੍ਹੇ ਗਏ ਮੋਰਚੇ ਤੋਂ ਬਾਅਦ ਸੂਬਾ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਪ੍ਰਸ਼ਾਸਨਿਕ ਸਕੱਤਰ ਅਤੇ ਸੀ.ਐੱਮ.ਡੀ. ਡਾ. ਬਸੰਤ ਗਰਗ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਪ੍ਰਿੰਸੀਪਲ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਪਾਵਰ ਕਾਰਪੋਰੇਸ਼ਨ ਦਾ ਨਵਾਂ ਮੁਖੀ ਤਾਇਨਾਤ ਕੀਤਾ ਗਿਆ ਹੈ। ਇਸ ਫੇਰਬਦਲ ਤਹਿਤ ਗੁਰਕੀਰਤ ਕਿਰਪਾਲ ਸਿੰਘ ਕੋਲ ਪਹਿਲਾਂ ਤੋਂ ਮੌਜੂਦ ਉਦਯੋਗ ਵਿਭਾਗ ਦੇ ਸਾਰੇ ਚਾਰਜ ਹੁਣ ਡਾ. ਬਸੰਤ ਗਰਗ ਨੂੰ ਸੌਂਪ ਦਿੱਤੇ ਗਏ ਹਨ। ਗੁਰਕੀਰਤ ਕਿਰਪਾਲ ਸਿੰਘ ਨੂੰ ਵੱਖ-ਵੱਖ ਵਿਭਾਗਾਂ ਦੇ ਕੁਸ਼ਲ ਪ੍ਰਬੰਧਨ ਲਈ ਜਾਣਿਆ ਜਾਂਦਾ ਹੈ, ਪਰ ਸੂਬੇ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਭਾਰੀ ਘਾਟ ਦੇ ਚਲਦਿਆਂ ਬਿਜਲੀ ਵਿਭਾਗ ਨੂੰ ਮੁੜ ਲੀਹ 'ਤੇ ਲਿਆਉਣਾ ਉਨ੍ਹਾਂ ਲਈ ਇੱਕ ਵੱਡੀ ਚੁਣੌਤੀ ਹੋਵੇਗਾ। ਮੌਜੂਦਾ ਸਮੇਂ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ 3,500 ਮੈਗਾਵਾਟ ਦਾ ਵਾਧਾ ਹੋਇਆ ਹੈ, ਜੋ 16,000 ਮੈਗਾਵਾਟ ਤੱਕ ਪਹੁੰਚ ਗਈ ਹੈ। ਹਾਲਾਂਕਿ, ਕੋਲੇ ਦੀ ਅਨਿਯਮਿਤ ਸਪਲਾਈ ਕਾਰਨ ਸੂਬੇ ਵਿੱਚ ਸਿਰਫ਼ 6,000 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਸੀ, ਜਿਸ ਕਰਕੇ ਸਰਕਾਰ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਅਸਮਰੱਥ ਰਹੀ। ਸਰਕਾਰ ਦਾ ਦਾਅਵਾ ਹੈ ਕਿ ਕੇਂਦਰ ਵੱਲੋਂ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਨਾ ਮਿਲਣ ਕਰਕੇ ਇਹ ਬਿਜਲੀ ਕੱਟ ਲਗਾਉਣੇ ਪਏ ਹਨ। ਬਿਜਲੀ ਦੀ ਘਾਟ ਕਾਰਨ ਖੇਤਾਂ ਨੂੰ ਪੂਰੀ ਸਪਲਾਈ ਨਾ ਮਿਲਣ ਕਰਕੇ ਕਿਸਾਨ ਵੱਖ-ਵੱਖ ਥਾਵਾਂ 'ਤੇ ਧਰਨੇ ਦੇ ਰਹੇ ਹਨ, ਜਦਕਿ ਉਦਯੋਗਪਤੀਆਂ ਨੇ ਉਤਪਾਦਨ ਪ੍ਰਭਾਵਿਤ ਹੋਣ ਦਾ ਦੋਸ਼ ਲਗਾਉਂਦੇ ਹੋਏ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸੇ ਵਿਚਾਲੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲੁਧਿਆਣਾ ਵਿਖੇ ਐਲਾਨ ਕੀਤਾ ਹੈ ਕਿ ਮੰਗਲਵਾਰ ਤੋਂ ਸੂਬੇ ਵਿੱਚ ਕੋਈ ਬਿਜਲੀ ਕੱਟ ਨਹੀਂ ਲੱਗੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਰੋਜ਼ਾਨਾ 10 ਘੰਟੇ ਬਿਜਲੀ ਸਪਲਾਈ ਮਿਲੇਗੀ ਅਤੇ ਨਿੱਜੀ ਥਰਮਲ ਪਲਾਂਟਾਂ ਸਮੇਤ ਸਾਰੇ ਪਲਾਂਟ ਚਾਲੂ ਹੋਣ ਨਾਲ ਉਦਯੋਗਾਂ ਨੂੰ ਵੀ ਬਿਜਲੀ ਸੰਕਟ ਤੋਂ ਰਾਹਤ ਮਿਲੇਗੀ।

Posted By: Daily Suraj Bureau

Latest News