Daily Suraj

ਪੰਜਾਬੀ

ਜਗਨਨਾਥ ਰੱਥ ਯਾਤਰਾ ਵਿੱਚ ਹਾਦਸਾ: ਦਰਸ਼ਨਾਂ ਲਈ ਭੀੜ ਵਧਣ ਨਾਲ ਮੱਚੀ ਭਗਦੜ

16 Jul, 2026 05:23 PM

ਓਡੀਸ਼ਾ ਦੇ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਵੀਰਵਾਰ ਸ਼ਾਮ ਭਗਦੜ ਮੱਚਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਦਸੇ ਤੋਂ ਬਾਅਦ ਯਾਤਰਾ ਰੂਟ 'ਤੇ ਹੜਕੰਪ ਮਚ ਗਿਆ ਅਤੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਭੇਜਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਾਮ ਕਰੀਬ 5 ਵਜੇ ਪਹਾਂਡੀ ਰਸਮ ਦੌਰਾਨ ਭਗਵਾਨ ਜਗਨਨਾਥ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਰੱਥਾਂ ਦੇ ਨੇੜੇ ਜਾਣ ਲੱਗੇ। ਯਾਤਰਾ ਰੂਟ 'ਤੇ ਤਾਇਨਾਤ ਵਲੰਟੀਅਰ ਭੀੜ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਲੋਕਾਂ ਵਿੱਚ ਧੱਕਾ-ਮੁੱਕੀ ਸ਼ੁਰੂ ਹੋ ਗਈ, ਜਿਸ ਕਾਰਨ ਭਗਦੜ ਮੱਚ ਗਈ ਅਤੇ ਕਈ ਲੋਕ ਇੱਕ-ਦੂਜੇ ਉੱਪਰ ਡਿੱਗ ਪਏ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਪ੍ਰਸ਼ਾਸਨ ਵੱਲੋਂ ਹਾਲਾਤ ਨੂੰ ਕਾਬੂ ਕਰਨ ਲਈ ਤੁਰੰਤ ਕਾਰਵਾਈ ਕੀਤੀ ਗਈ। ਇਸ ਵੇਲੇ ਪੁਰੀ ਵਿੱਚ ਤੇਜ਼ ਬਾਰਸ਼ ਹੋ ਰਹੀ ਹੈ। ਇਸ ਦੇ ਬਾਵਜੂਦ ਰੱਥ ਯਾਤਰਾ ਰੂਟ 'ਤੇ 10 ਲੱਖ ਤੋਂ ਵੱਧ ਸ਼ਰਧਾਲੂਆਂ ਦੀ ਮੌਜੂਦਗੀ ਦੱਸੀ ਜਾ ਰਹੀ ਹੈ। ਜਗਨਨਾਥ ਰੱਥ ਯਾਤਰਾ ਮੁੱਖ ਮੰਦਰ ਤੋਂ ਲਗਭਗ 3 ਕਿਲੋਮੀਟਰ ਦੂਰ ਸਥਿਤ ਗੁੰਡੀਚਾ ਮੰਦਰ ਤੱਕ ਜਾਂਦੀ ਹੈ। ਖ਼ਬਰ ਲਿਖੇ ਜਾਣ ਤੱਕ ਸਿਰਫ਼ ਭਗਵਾਨ ਬਲਭੱਦਰ ਦਾ ਰੱਥ ਹੀ ਅੱਗੇ ਵਧਿਆ ਸੀ।

Posted By: Daily Suraj Bureau

Latest News