Daily Suraj

ਪੰਜਾਬੀ

ਚੁਣਾਵਾਂ ਨੇੜੇ, ਸਰਕਾਰ ਵੱਲੋਂ ਬਿਜਲੀ ਦਰਾਂ ‘ਚ ਕਟੌਤੀ ਦੀ ਤਿਆਰੀ

31 Jan, 2026 12:27 PM

ਪੰਜਾਬ ’ਚ ਜਦੋਂ ਚੋਣ ਵਰ੍ਹਾ ਚੜ੍ਹਦਾ ਹੈ ਤਾਂ ਬਿਜਲੀ ਦਰਾਂ ’ਚ ਕਟੌਤੀ ਹੁੰਦੀ ਹੈ ਅਤੇ ਜਦੋਂ ਨਵੀਂ ਸਰਕਾਰ ਸਹੁੰ ਚੁੱਕ ਲੈਂਦੀ ਹੈ ਤਾਂ ਇਹੀ ਦਰਾਂ ਅਰਸ਼ ’ਤੇ ਹੁੰਦੀਆਂ ਹਨ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਾਲ 2026-27 ਦੇ ਨਵੇਂ ਟੈਰਿਫ ਆਰਡਰ ਲਈ ਜਨਤਕ ਸੁਣਵਾਈ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਪਹਿਲੀ ਅਪਰੈਲ ਤੋਂ ਨਵੀਆਂ ਬਿਜਲੀ ਦਰਾਂ ਲਾਗੂ ਹੋਣਗੀਆਂ। ਆਗਾਮੀ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਇਸੇ ਵਰ੍ਹੇ ’ਚ ਲੱਗਣ ਦੀ ਸੰਭਾਵਨਾ ਹੈ। ਅਹਿਮ ਸੂਤਰਾਂ ਅਨੁਸਾਰ ‘ਆਪ’ ਸਰਕਾਰ ਚੋਣ ਵਰ੍ਹੇ ਕਰਕੇ ਬਿਜਲੀ ਦਰਾਂ ’ਚ ਕਟੌਤੀ ਕਰ ਸਕਦੀ ਹੈ। ਫਿਲਹਾਲ ਪੰਜਾਬ ਸਰਕਾਰ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ। ਜੇ ਬਿਜਲੀ ਦਰਾਂ ’ਚ ਕਟੌਤੀ ਹੁੰਦੀ ਹੈ ਤਾਂ ਇਸ ਨਾਲ ਪੰਜਾਬ ਸਰਕਾਰ ’ਤੇ ਬਿਜਲੀ ਸਬਸਿਡੀ ਦਾ ਭਾਰ ਵੀ ਘਟੇਗਾ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਪਤਕਾਰ ਵੀ ਸਰਕਾਰ ਤੋਂ ਖ਼ੁਸ਼ ਹੋਣਗੇ। ਪੰਜਾਬ ’ਚ ਹਰ ਕੈਟਾਗਰੀ ਦੇ ਕਰੀਬ 1.07 ਕਰੋੜ ਬਿਜਲੀ ਕੁਨੈਕਸ਼ਨ ਹਨ। ਹਰ ਸਰਕਾਰ ਚੋਣਾਂ ਤੋਂ ਪਹਿਲਾਂ ਬਿਜਲੀ ਦਰਾਂ ਘਟਾਉਂਦੀ ਹੈ ਅਤੇ ਚੋਣਾਂ ਜਿੱਤਣ ਮਗਰੋਂ ਵਧਾ ਦਿੰਦੀ ਹੈ। ਮਿਸਾਲ ਵਜੋਂ 2001-02 ਵਿੱਚ ਚੋਣਾਂ ਤੋਂ ਪਹਿਲਾਂ ਦਰਾਂ ਘਟਾਈਆਂ ਗਈਆਂ ਸਨ, ਪਰ 2002-03 ਵਿੱਚ ਕਾਂਗਰਸ ਸਰਕਾਰ ਬਣਦਿਆਂ ਹੀ 10 ਫੀਸਦੀ ਵਾਧਾ ਕਰ ਦਿੱਤਾ ਗਿਆ। ਅਗਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਸਾਲ 2006-07 ’ਚ ਬਿਜਲੀ ਦਰਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ। ਅਕਾਲੀ-ਭਾਜਪਾ ਸਰਕਾਰ ਬਣਨ ਮਗਰੋਂ ਸਾਲ 2007-08 ’ਚ 4.90 ਫ਼ੀਸਦੀ ਬਿਜਲੀ ਦਰਾਂ ਵਧਾ ਦਿੱਤੀਆਂ ਗਈਆਂ। ਪੰਜਾਬ ’ਚ ਜਦੋਂ ਮੁੜ ਅਕਾਲੀ-ਭਾਜਪਾ ਸਰਕਾਰ ਬਣੀ ਤਾਂ 2012-13 ’ਚ ਬਿਜਲੀ ਦਰਾਂ ’ਚ ਇਕਦਮ ਸਾਲ 12.08 ਫ਼ੀਸਦੀ ਵਾਧਾ ਕਰ ਦਿੱਤਾ ਗਿਆ। ਆਗਾਮੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਸਾਲ 2015-16 ’ਚ ਦਰਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਸਾਲ 2016-17 ’ਚ ਬਿਜਲੀ ਦਰਾਂ 0.65 ਫ਼ੀਸਦੀ ਘਟਾ ਦਿੱਤੀਆਂ। ਕਾਂਗਰਸ ਨੇ ਫਿਰ 2017-18 ਵਿੱਚ 9.33 ਫੀਸਦੀ ਵਾਧਾ ਕੀਤਾ ਅਤੇ 2021-22 ਵਿੱਚ ਚੋਣਾਂ ਨੇੜੇ 0.89 ਫੀਸਦੀ ਕਟੌਤੀ ਕੀਤੀ। ਬੇਸ਼ੱਕ ‘ਆਪ’ ਸਰਕਾਰ ਨੇ ਪਹਿਲੇ ਵਰ੍ਹੇ ਬਿਜਲੀ ਦਰਾਂ ’ਚ ਕੋਈ ਵਾਧਾ ਨਹੀਂ ਕੀਤਾ ਪਰ ਦੂਜੇ ਸਾਲ 2023-24 ’ਚ ਬਿਜਲੀ ਦਰਾਂ ’ਚ 8.64 ਫ਼ੀਸਦੀ ਦਾ ਵਾਧਾ ਕਰ ਦਿੱਤਾ। ਸਾਲ 2024-25 ’ਚ ਬਿਜਲੀ ਦਰਾਂ ’ਚ 1.59 ਫ਼ੀਸਦੀ ਦਾ ਵਾਧਾ ਹੋਇਆ। ਹੁਣ ਜਦੋਂ ਅਗਲੀ ਚੋਣ ਸਿਰ ’ਤੇ ਹੈ ਤਾਂ ਚਾਲੂ ਵਿੱਤੀ ਸਾਲ ਦੌਰਾਨ ਬਿਜਲੀ ਦਰਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਸਾਲਾਨਾ ਕਰੀਬ 22 ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ ਤਾਰਦੀ ਹੈ। ਜ਼ੀਰੋ ਬਿੱਲਾਂ ਕਰ ਕੇ ਘਰੇਲੂ ਬਿਜਲੀ ਸਬਸਿਡੀ ਦਾ ਬਿੱਲ ਵੀ ਕਰੀਬ 8200 ਕਰੋੜ ਰੁਪਏ ਸਾਲਾਨਾ ਬਣਦਾ ਹੈ। ਬਿਜਲੀ ਕੁਨੈਕਸ਼ਨਾਂ ਦੀ ਅੰਦਾਜ਼ਨ ਗਿਣਤੀ 1. ਘਰੇਲੂ ਕੁਨੈਕਸ਼ਨ : 79.28 ਲੱਖ 2. ਕਮਰਸ਼ੀਅਲ ਕੁਨੈਕਸ਼ਨ : 12.57 ਲੱਖ 3. ਖੇਤੀ ਕੁਨੈਕਸ਼ਨ : 13.91 ਲੱਖ 4. ਸਨਅਤੀ ਕੁਨੈਕਸ਼ਨ : 1.57 ਲੱਖ 5. ਹੋਰ ਕੁਨੈਕਸ਼ਨ : 6414 ਕੁੱਲ ਕੁਨੈਕਸ਼ਨ : 1.07 ਕਰੋੜ

Posted By: Daily Suraj Bureau

Latest News