ਬਰੈਂਪਟਨ ਵਿੱਚ ਤੜਕੇ ਹੰਗਾਮਾ, ਅਣਪਛਾਤੇ ਲੋਕਾਂ ਵੱਲੋਂ ਟੋਅ ਟਰੱਕਾਂ ਨੂੰ ਅੱਗ
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਸੋਮਵਾਰ ਤੜਕੇ ਸ਼ਰਾਰਤੀ ਅਨਸਰਾਂ ਵੱਲੋਂ ਕਈ ਟੋਅ ਟਰੱਕਾਂ ਨੂੰ ਅੱਗ ਲਗਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੇ ਮਾਮਲੇ ਨੂੰ ਅਗਜ਼ਨੀ ਦੇ ਸ਼ੱਕ ਹੇਠ ਜਾਂਚ ਵਿੱਚ ਲਿਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰੁਦਰਫੋਰਡ ਰੋਡ ਅਤੇ ਗਲਿਡਨ ਰੋਡ ਦੇ ਨੇੜਲੇ ਇਲਾਕੇ ਵਿੱਚ ਸਵੇਰੇ ਲਗਭਗ 3:30 ਵਜੇ ਵਾਪਰੀ। ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਪਰ ਇਸ ਦੌਰਾਨ ਕਈ ਟੋਅ ਟਰੱਕ ਭਾਰੀ ਤੌਰ ’ਤੇ ਨੁਕਸਾਨੀ ਹੋ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਸਮੇਂ ਕੁਝ ਲੋਕਾਂ ਨੂੰ ਟੋਅ ਟਰੱਕਾਂ ਨੂੰ ਅੱਗ ਲਗਾ ਕੇ ਮੌਕੇ ਤੋਂ ਭੱਜਦਿਆਂ ਵੇਖਿਆ ਗਿਆ ਸੀ। ਹਾਲਾਂਕਿ, ਉਹ ਕਿਹੜੀ ਦਿਸ਼ਾ ਵੱਲ ਗਏ, ਇਸ ਬਾਰੇ ਕੋਈ ਠੋਸ ਜਾਣਕਾਰੀ ਹਾਸਲ ਨਹੀਂ ਹੋ ਸਕੀ। ਮੁੱਢਲੀ ਜਾਂਚ ਅਨੁਸਾਰ, ਇਸ ਘਟਨਾ ਵਿੱਚ ਚਾਰ ਤੋਂ ਪੰਜ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪੀਲ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਪਰ ਫਿਲਹਾਲ ਕਿਸੇ ਵੀ ਸ਼ੱਕੀ ਵਿਅਕਤੀ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਮਾਮਲੇ ਸਬੰਧੀ ਜਾਣਕਾਰੀ ਹੋਵੇ, ਤਾਂ ਉਹ ਅੱਗੇ ਆ ਕੇ ਸਹਿਯੋਗ ਦੇਣ।
Posted By: Daily Suraj Bureau