Daily Suraj

ਪੰਜਾਬੀ

ਤਿੰਨ ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗੀ ਚੰਡੀਗੜ੍ਹ-ਸ਼ਾਰਜਾਹ ਸਿੱਧੀ ਫਲਾਈਟ; 26 ਅਕਤੂਬਰ ਤੋਂ ਭਰੇਗੀ ਉਡਾਣ

16 Sep, 2026 10:09 AM

ਟਰਾਈਸਿਟੀ ਅਤੇ ਪੰਜਾਬ ਦੇ ਹਵਾਈ ਯਾਤਰੀਆਂ ਲਈ ਇੱਕ ਬਹੁਤ ਵੱਡੀ ਰਾਹਤ ਦੀ ਖ਼ਬਰ ਹੈ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ-ਸ਼ਾਰਜਾਹ ਸਿੱਧੀ ਹਵਾਈ ਸੇਵਾ ਤਿੰਨ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਮੁੜ ਸ਼ੁਰੂ ਹੋਣ ਜਾ ਰਹੀ ਹੈ। ਇਹ ਉਡਾਣ ਆਉਣ ਵਾਲੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ, 26 ਅਕਤੂਬਰ ਤੋਂ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰੇਗੀ, ਜਿਸ ਨਾਲ ਸੰਯੁਕਤ ਅਰਬ ਅਮੀਰਾਤ (ਯੂਏਈ) ਜਾਣ ਵਾਲੇ ਯਾਤਰੀਆਂ ਨੂੰ ਸਿੱਧਾ ਫਾਇਦਾ ਹੋਵੇਗਾ। ਇਸ ਨਾਨ-ਸਟਾਪ ਉਡਾਣ ਦਾ ਸੰਚਾਲਨ ਏਅਰ ਇੰਡੀਆ ਐਕਸਪ੍ਰੈਸ ਵੱਲੋਂ ਕੀਤਾ ਜਾਵੇਗਾ। ਸ਼ਡਿਊਲ ਅਨੁਸਾਰ ਇਹ ਫਲਾਈਟ ਹਫ਼ਤੇ ਵਿੱਚ ਚਾਰ ਦਿਨ—ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ। ਸਮੇਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਤੋਂ ਇਹ ਉਡਾਣ ਦੁਪਹਿਰ 1:50 ਵਜੇ ਰਵਾਨਾ ਹੋ ਕੇ ਸ਼ਾਮ 4:50 ਵਜੇ ਸ਼ਾਰਜਾਹ ਪਹੁੰਚੇਗੀ। ਉੱਥੇ ਹੀ, ਵਾਪਸੀ ਦੀ ਫਲਾਈਟ ਸ਼ਾਰਜਾਹ ਤੋਂ ਸ਼ਾਮ 5:50 ਵਜੇ ਚੱਲ ਕੇ ਰਾਤ 11:05 ਵਜੇ ਚੰਡੀਗੜ੍ਹ ਉਤਰੇਗੀ। ਚੰਡੀਗੜ੍ਹ ਤੋਂ ਸ਼ਾਰਜਾਹ ਤੱਕ ਦੀ ਇੱਕ ਪਾਸੇ ਦੀ ਟਿਕਟ ਦਾ ਕਿਰਾਇਆ ਲਗਭਗ 18,000 ਰੁਪਏ ਤੈਅ ਕੀਤਾ ਗਿਆ ਹੈ, ਜਦਕਿ ਵਾਪਸੀ ਦੀ ਟਿਕਟ ਇਸ ਨਾਲੋਂ ਕੁਝ ਮਹਿੰਗੀ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਰੂਟ 'ਤੇ ਪਹਿਲਾਂ ਚੱਲ ਰਹੀ ਹਵਾਈ ਸੇਵਾ 27 ਅਕਤੂਬਰ 2023 ਨੂੰ ਬੰਦ ਕਰ ਦਿੱਤੀ ਗਈ ਸੀ। ਉਸ ਸਮੇਂ ਹਫ਼ਤੇ ਵਿੱਚ ਤਿੰਨ ਦਿਨ ਚੱਲਣ ਵਾਲੀ ਇਸ ਉਡਾਣ ਵਿੱਚ 180 ਸੀਟਾਂ ਦੀ ਸਮਰੱਥਾ ਵਾਲੇ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਸਰਵਿਸ ਦੇ ਬੰਦ ਹੋਣ ਤੋਂ ਬਾਅਦ ਸਥਾਨਕ ਯਾਤਰੀਆਂ ਅਤੇ ਕਾਰੋਬਾਰੀਆਂ ਵੱਲੋਂ ਚੰਡੀਗੜ੍ਹ ਤੋਂ ਸ਼ਾਰਜਾਹ ਲਈ ਸਿੱਧੀ ਹਵਾਈ ਸੇਵਾ ਮੁੜ ਚਲਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ। ਇਸ ਫਲਾਈਟ ਦੇ ਦੁਬਾਰਾ ਸ਼ੁਰੂ ਹੋਣ ਨਾਲ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਰੂਟਾਂ ਦੀ ਗਿਣਤੀ ਵਧ ਕੇ ਤਿੰਨ ਹੋ ਜਾਵੇਗੀ। ਇਸ ਤੋਂ ਪਹਿਲਾਂ ਇੰਡੀਗੋ ਵੱਲੋਂ ਦੁਬਈ ਅਤੇ ਅਬੂ ਧਾਬੀ ਲਈ ਉਡਾਣਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਹੁਣ ਏਅਰ ਇੰਡੀਆ ਐਕਸਪ੍ਰੈਸ ਦੀ ਸ਼ਾਰਜਾਹ ਸੇਵਾ ਵੀ ਸ਼ਾਮਲ ਹੋ ਜਾਵੇਗੀ।

Posted By: Daily Suraj Bureau

Latest News