ਮੁਹਾਲੀ ਤੋਂ ਚੰਡੀਗੜ੍ਹ ਤੱਕ ਕਿਸਾਨਾਂ ਦਾ ਮਾਰਚ, ਸਵੇਰੇ 10:30 ਤੋਂ ਦੁਪਹਿਰ 3 ਵਜੇ ਤੱਕ ਕਈ ਰੂਟਾਂ 'ਤੇ ਆਵਾਜਾਈ ਸੀਮਤ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਦੇ ਸਮਰਥਨ ਵਿੱਚ 13 ਜੁਲਾਈ, ਸੋਮਵਾਰ ਨੂੰ ਮੁਹਾਲੀ ਤੋਂ ਚੰਡੀਗੜ੍ਹ ਤੱਕ ਕੱਢੇ ਜਾਣ ਵਾਲੇ ਮੋਟਰਸਾਈਕਲ ਮਾਰਚ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਵਿਸ਼ੇਸ਼ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਮਾਰਚ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੀਆਂ ਕੁਝ ਮੁੱਖ ਸੜਕਾਂ 'ਤੇ ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤੱਕ ਆਵਾਜਾਈ ਸੀਮਤ ਰਹੇਗੀ। ਟਰੈਫਿਕ ਪੁਲੀਸ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਸੈਕਟਰ 51/52 ਤੋਂ ਸੈਕਟਰ 43 ਬੱਸ ਅੱਡੇ ਤੱਕ ਅਤੇ ਸੈਕਟਰ 34/35/43/44 ਵਾਲੇ ਚੌਕ ਤੋਂ ਸੈਕਟਰ 21/22/34 ਅਤੇ 35 ਵਾਲੇ ਚੌਕ ਤੱਕ ਵਾਲੇ ਰੂਟ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਸੈਕਟਰ 21/22/34 ਅਤੇ 35 ਵਾਲੇ ਚੌਕ ਤੋਂ ਦੱਖਣ ਮਾਰਗ 'ਤੇ ਸਥਿਤ ਸੈਕਟਰ 20/21/33 ਅਤੇ 34 ਵਾਲੇ ਚੌਕ ਤੱਕ, ਨਾਲ ਹੀ ਕਿਸਾਨ ਭਵਨ ਤੋਂ ਸੈਕਟਰ 20/30/32 ਅਤੇ 33 ਵਾਲੇ ਚੌਕ ਤੱਕ ਵੀ ਆਵਾਜਾਈ ਸੀਮਤ ਰਹੇਗੀ। ਇਸ ਤੋਂ ਇਲਾਵਾ ਸੈਕਟਰ 20/21/33 ਅਤੇ 34 ਵਾਲੇ ਚੌਕ ਤੋਂ ਸੈਕਟਰ 33/34/44 ਅਤੇ 45 ਵਾਲੇ ਚੌਕ ਅਤੇ ਅੱਗੇ ਸੈਕਟਰ 44/45/50 ਅਤੇ 51 ਵਾਲੇ ਚੌਕ ਤੱਕ ਦੇ ਰੂਟ 'ਤੇ ਵੀ ਆਮ ਲੋਕਾਂ ਲਈ ਆਵਾਜਾਈ 'ਤੇ ਪਾਬੰਦੀਆਂ ਲਾਗੂ ਰਹਿਣਗੀਆਂ। ਟਰੈਫਿਕ ਪੁਲੀਸ ਨੇ ਕਿਹਾ ਹੈ ਕਿ ਕਿਸਾਨਾਂ ਦੇ ਮੋਟਰਸਾਈਕਲ ਮਾਰਚ ਕਾਰਨ ਇਨ੍ਹਾਂ ਰੂਟਾਂ 'ਤੇ ਵਾਹਨਾਂ ਦੀ ਭਾਰੀ ਭੀੜ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਰੂਟਾਂ ਦੀ ਬਜਾਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ, ਤਾਂ ਜੋ ਯਾਤਰਾ ਸੁਚਾਰੂ ਢੰਗ ਨਾਲ ਕੀਤੀ ਜਾ ਸਕੇ।
Posted By: Daily Suraj Bureau