ਕੈਨੇਡਾ ’ਚ ਸਿੱਖ ਵਕੀਲ ਦੀ ਧਾਰਮਿਕ ਆਜ਼ਾਦੀ ਦੀ ਚੁਣੌਤੀ ਸੁਪਰੀਮ ਕੋਰਟ ਪੁੱਜੀ
ਕੈਨੇਡਾ ਵਿੱਚ ਵਕੀਲ ਵਜੋਂ ਦਾਖ਼ਲੇ ਲਈ ਤਾਜ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣ ਦੀ ਲਾਜ਼ਮੀ ਸ਼ਰਤ ਹੁਣ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿਚਾਰ ਅਧੀਨ ਹੈ। ਅਲਬਰਟਾ ਸਰਕਾਰ ਦੀ ਅਪੀਲ ਮਨਜ਼ੂਰ ਕਰਦਿਆਂ ਕੈਨੇਡਾ ਦੀ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦਾ ਰਾਹ ਖੋਲ੍ਹ ਦਿੱਤਾ ਹੈ। ਇਹ ਮਾਮਲਾ ਅਲਬਰਟਾ ਕੋਰਟ ਆਫ਼ ਅਪੀਲ ਵੱਲੋਂ ਤਾਜ ਪ੍ਰਤੀ ਵਫ਼ਾਦਾਰੀ ਦੀ ਲਾਜ਼ਮੀ ਸਹੁੰ ਨੂੰ ਅਸੰਵਿਧਾਨਕ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਪਹੁੰਚਿਆ ਹੈ। ਇਹ ਮਾਮਲਾ ਐਡਮਿੰਟਨ ਦੇ ਅੰਮ੍ਰਿਤਧਾਰੀ ਸਿੱਖ ਵਕੀਲ ਪ੍ਰਭਜੋਤ ਸਿੰਘ ਵੜਿੰਗ ਨਾਲ ਸਬੰਧਤ ਹੈ। ਸਾਲ 2022 ਵਿੱਚ ਆਪਣੀ ਆਰਟਿਕਲਿੰਗ ਪੂਰੀ ਕਰਨ ਤੋਂ ਬਾਅਦ ਉਹ ਅਲਬਰਟਾ ਵਿੱਚ ਵਕੀਲ ਵਜੋਂ ਦਾਖ਼ਲਾ ਲੈਣਾ ਚਾਹੁੰਦੇ ਸਨ। ਉਨ੍ਹਾਂ ਨੂੰ ਜਨਤਕ ਹਿਤ ਅਤੇ ਮੁਅੱਕਲਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਬੰਧੀ ਸਹੁੰ ਚੁੱਕਣ ’ਤੇ ਕੋਈ ਇਤਰਾਜ਼ ਨਹੀਂ ਸੀ। ਉਨ੍ਹਾਂ ਦੀ ਮੁੱਖ ਅਪੱਤੀ ਤਾਜ ਪ੍ਰਤੀ ‘ਵਫ਼ਾਦਾਰੀ’ ਦੀ ਸਹੁੰ ਨੂੰ ਲੈ ਕੇ ਸੀ। ਵੜਿੰਗ ਦਾ ਧਾਰਮਿਕ ਵਿਸ਼ਵਾਸ ਹੈ ਕਿ ਖ਼ਾਲਸਾ ਵਿੱਚ ਸ਼ਾਮਲ ਹੋਣ ਸਮੇਂ ਅਕਾਲ ਪੁਰਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਲਿਆ ਗਿਆ ਵਚਨ ਕਿਸੇ ਹੋਰ ਹਸਤੀ ਜਾਂ ਸੰਸਥਾ ਪ੍ਰਤੀ ਵਫ਼ਾਦਾਰੀ ਦੀ ਸਹੁੰ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਮੁਤਾਬਕ ਇਹ ਸਿਰਫ਼ ਸ਼ਬਦਾਂ ਦਾ ਮਾਮਲਾ ਨਹੀਂ, ਸਗੋਂ ਉਨ੍ਹਾਂ ਦੀ ਧਾਰਮਿਕ ਆਸਥਾ ਅਤੇ ਅੰਤਰ ਆਤਮਾ ਨਾਲ ਜੁੜਿਆ ਮੁੱਦਾ ਹੈ। ਅਦਾਲਤਾਂ ਵਿੱਚ ਮਾਮਲੇ ਦੀ ਪਿਛਲੀ ਕਾਰਵਾਈ ਅਲਬਰਟਾ ਕੋਰਟ ਆਫ਼ ਕਿੰਗਜ਼ ਬੈਂਚ ਨੇ ਅਕਤੂਬਰ 2023 ਵਿੱਚ ਵੜਿੰਗ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ 16 ਦਸੰਬਰ 2025 ਨੂੰ ਅਲਬਰਟਾ ਕੋਰਟ ਆਫ਼ ਅਪੀਲ ਨੇ ਹੇਠਲੀ ਅਦਾਲਤ ਦਾ ਫ਼ੈਸਲਾ ਪਲਟ ਦਿੱਤਾ ਅਤੇ Legal Profession Act ਦੀ ਧਾਰਾ 44(2)(a) ਨੂੰ ਅਸੰਵਿਧਾਨਕ ਅਤੇ ਬੇਅਸਰ ਕਰਾਰ ਦਿੱਤਾ। ਹੁਣ ਅਲਬਰਟਾ ਸਰਕਾਰ ਨੇ ਇਸ ਫ਼ੈਸਲੇ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਮਾਮਲੇ ਦਾ ਕੋਰਟ ਡਾਕ ਨੰਬਰ 42224 ਹੈ। ਇਸ ਮਾਮਲੇ ਵਿੱਚ ਵੜਿੰਗ ਦਾ ਸਸਕੈਚਵਨ ਬਾਰ ਰਾਹੀਂ ਅਲਬਰਟਾ ਵਿੱਚ ਤਬਾਦਲਾ ਵੀ ਮਹੱਤਵਪੂਰਨ ਹੈ। ਇਸ ਰਸਤੇ ਉਨ੍ਹਾਂ ਨੂੰ ਉਸ ਸਹੁੰ ਦੀ ਲੋੜ ਨਹੀਂ ਪਈ, ਜਿਸ ਨੂੰ ਉਹ ਧਾਰਮਿਕ ਕਾਰਨਾਂ ਕਰਕੇ ਮੰਨਣ ਤੋਂ ਇਨਕਾਰ ਕਰ ਰਹੇ ਸਨ। ਧਾਰਮਿਕ ਆਜ਼ਾਦੀ ਅਤੇ ਰਾਜ ਦੀ ਲੋੜ ਵਿਚਕਾਰ ਸਵਾਲ ਹੁਣ ਸੁਪਰੀਮ ਕੋਰਟ ਦੇ ਸਾਹਮਣੇ ਮੁੱਖ ਸਵਾਲ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਡੂੰਘੀ ਧਾਰਮਿਕ ਆਸਥਾ ਕਿਸੇ ਲਾਜ਼ਮੀ ਸਰਕਾਰੀ ਸਹੁੰ ਨਾਲ ਸਿੱਧੇ ਤੌਰ ’ਤੇ ਟਕਰਾਉਂਦੀ ਹੋਵੇ ਤਾਂ ਰਾਜ ਉਸ ਸਹੁੰ ਨੂੰ ਕਿੰਨੀ ਹੱਦ ਤੱਕ ਲਾਜ਼ਮੀ ਕਰ ਸਕਦਾ ਹੈ। ਮਾਮਲੇ ਵਿੱਚ ਇਹ ਵੀ ਵਿਚਾਰਿਆ ਜਾਣਾ ਹੈ ਕਿ ਤਾਜ ਪ੍ਰਤੀ ਵਫ਼ਾਦਾਰੀ ਦੀ ਸਹੁੰ ਕੀ ਸਿਰਫ਼ ਸੰਵਿਧਾਨਕ ਪ੍ਰਬੰਧ ਪ੍ਰਤੀ ਪ੍ਰਤੀਕਾਤਮਕ ਵਚਨਬੱਧਤਾ ਹੈ ਜਾਂ ਇਸ ਨੂੰ ਲਾਜ਼ਮੀ ਕਰਨਾ ਧਾਰਮਿਕ ਆਜ਼ਾਦੀ ’ਤੇ ਪਾਬੰਦੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਫ਼ੈਸਲੇ ਦਾ ਪ੍ਰਭਾਵ ਸਿਰਫ਼ ਇੱਕ ਸਿੱਖ ਵਕੀਲ ਦੇ ਪੇਸ਼ੇਵਰ ਹੱਕਾਂ ਤੱਕ ਸੀਮਿਤ ਨਹੀਂ ਰਹੇਗਾ। ਮਾਮਲਾ ਇਸ ਵੱਡੇ ਸਵਾਲ ਨਾਲ ਵੀ ਜੁੜਿਆ ਹੈ ਕਿ ਇੱਕ ਬਹੁ-ਧਾਰਮਿਕ ਲੋਕਤੰਤਰ ਵਿੱਚ ਰਾਜ ਦੀਆਂ ਸੰਵਿਧਾਨਕ ਮੰਗਾਂ ਅਤੇ ਵਿਅਕਤੀ ਦੀ ਧਾਰਮਿਕ ਆਜ਼ਾਦੀ ਤੇ ਅੰਤਰ ਆਤਮਾ ਵਿਚਕਾਰ ਸੰਤੁਲਨ ਕਿਵੇਂ ਕਾਇਮ ਕੀਤਾ ਜਾਵੇ। ਅਲਬਰਟਾ ਵਿੱਚ ਤਾਜ ਪ੍ਰਤੀ ਸਹੁੰ ਦੀ ਇਤਿਹਾਸਕ ਵਿਵਸਥਾ ਇਤਿਹਾਸਕ ਤੌਰ ’ਤੇ ਅਲਬਰਟਾ ਵਿੱਚ ਵਕੀਲ ਵਜੋਂ ਦਾਖ਼ਲਾ ਲੈਣ ਵਾਲਿਆਂ ਲਈ ਸੂਬਾਈ ਕਾਨੂੰਨਾਂ, ਜਿਨ੍ਹਾਂ ਵਿੱਚ Legal Profession Act ਅਤੇ Oaths of Office Act ਸ਼ਾਮਲ ਹਨ, ਤਹਿਤ ਬਾਰ ਵਿੱਚ ਦਾਖ਼ਲੇ ਸਮੇਂ ਸੱਤਾਧਾਰੀ ਬਾਦਸ਼ਾਹ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣਾ ਜਾਂ ਇਸ ਦੀ ਪੁਸ਼ਟੀ ਕਰਨਾ ਲਾਜ਼ਮੀ ਰਿਹਾ ਹੈ। ਮੌਜੂਦਾ ਸਮੇਂ ਕੈਨੇਡਾ ਦੇ ਸੱਤਾਧਾਰੀ ਬਾਦਸ਼ਾਹ ਕਿੰਗ ਚਾਰਲਸ ਤੀਜੇ ਹਨ। ਇਸ ਕਾਰਨ ਪ੍ਰਭਜੋਤ ਸਿੰਘ ਵੜਿੰਗ ਦਾ ਮਾਮਲਾ ਧਾਰਮਿਕ ਆਜ਼ਾਦੀ, ਪੇਸ਼ੇਵਰ ਹੱਕਾਂ ਅਤੇ ਰਾਜ ਦੀਆਂ ਸੰਵਿਧਾਨਕ ਲੋੜਾਂ ਵਿਚਕਾਰ ਸੰਤੁਲਨ ਨਾਲ ਜੁੜਿਆ ਇੱਕ ਮਹੱਤਵਪੂਰਨ ਕਾਨੂੰਨੀ ਮਾਮਲਾ ਬਣ ਗਿਆ ਹੈ।
Posted By: Daily Suraj Bureau