ਡੇਰਾ ਸੰਤਾਂ ਦਾ ਪਿੰਡ ਟੁੱਟ ਕਲਾਂ ਵਿਖੇ ਸਾਲਾਨਾ ਜੋੜ ਮੇਲੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ
(ਇੰਦਰਜੀਤ ਚਾਹਲ)ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਡੇਰਾ ਸੰਤਾਂ ਦਾ ਪਿੰਡ ਟੁੱਟ ਕਲਾਂ ਵਿਖੇ 33ਵੇਂ ਤਿੰਨ ਦਿਨਾਂ ਸਾਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਅੱਜ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਆਰੰਭ ਕੀਤੇ ਗਏ। ਇਹ ਸਾਲਾਨਾ ਜੋੜ ਮੇਲਾ 20 ਤੋਂ 22 ਨਵੰਬਰ ਤੱਕ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਕੁਲਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਤ ਬਾਬਾ ਕੁਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਤਿੰਨ ਦਿਨਾਂ ਸਮਾਗਮ ਦੌਰਾਨ 20 ਅਤੇ 21 ਨਵੰਬਰ ਨੂੰ ਸ਼ਾਮ 5 ਤੋਂ ਸਾਢੇ 7 ਵਜੇ ਤੱਕ ਸਤਿਸੰਗ, ਆਰਤੀ ਅਤੇ ਕੀਰਤਨ ਦਰਬਾਰ ਸਜਾਏ ਜਾਣਗੇ। ਮੇਲੇ ਦੇ ਆਖਰੀ ਦਿਨ 22 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਸਜਾਏ ਜਾਣ ਵਾਲੇ ਵਿਸ਼ੇਸ਼ ਦੀਵਾਨਾਂ ਵਿੱਚ ਬਾਬਾ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲੇ, ਭਾਈ ਸਤਨਾਮ ਸਿੰਘ ਹਸੈਨਪੁਰ ਵਾਲੇ ਅਤੇ ਹੋਰ ਢਾਡੀ ਜਥੇ ਸੰਗਤਾਂ ਨੂੰ ਕਥਾ-ਕੀਰਤਨ ਤੇ ਗੁਰਬਾਣੀ ਇਤਿਹਾਸ ਨਾਲ ਨਿਹਾਲ ਕਰਨਗੇ। ਸਮਾਗਮ ਦੌਰਾਨ ਗੁਰੂ ਕੇ ਲੰਗਰ ਸੰਗਤਾਂ ਵਿੱਚ ਅਤੁੱਟ ਵਰਤਾਏ ਜਾ ਰਹੇ ਹਨ। ਸੰਤ ਬਾਬਾ ਕੁਲਵਿੰਦਰ ਸਿੰਘ ਜੀ ਨੇ ਸਮੂਹ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।