ਗੁਰੂਗ੍ਰਾਮ ਦੀ ਨਾਮੀ ਸੁਸਾਇਟੀ ’ਚ ਕੰਮਵਾਲੀ ਨਾਲ ਕੁੱਟਮਾਰ, ਵੀਡੀਓ ਵਾਇਰਲ ਹੋਣ ਮਗਰੋਂ ਕੇਸ ਦਰਜ
ਗੁਰੂਗ੍ਰਾਮ ਦੀ ਇੱਕ ਪ੍ਰਮੁੱਖ ਰਿਹਾਇਸ਼ੀ ਸੁਸਾਇਟੀ ਵਿੱਚ ਕੰਮਵਾਲੀ ਨਾਲ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਵੀਡੀਓ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰੂਗ੍ਰਾਮ ਪੁਲੀਸ ਦੇ ਅਧਿਕਾਰਤ ਬੁਲਾਰੇ ਇੰਸਪੈਕਟਰ ਸੰਦੀਪ ਨੇ ਦੱਸਿਆ ਕਿ ਵਾਇਰਲ ਵੀਡੀਓ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਨਾਲ ਜੁੜੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀਡੀਓ ਇੱਕ ਹੋਰ ਔਰਤ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਸੀ। ਵੀਡੀਓ ਨਾਲ ਕੀਤੀ ਗਈ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਘਟਨਾ ‘ਦਿ ਕੈਮਿਲੀਆਜ਼’ ਸੁਸਾਇਟੀ ਵਿੱਚ ਵਾਪਰੀ। ਹਾਲਾਂਕਿ, ਪੁਲੀਸ ਨੇ ਹਾਲੇ ਤੱਕ ਇਸ ਦਾਅਵੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਵੀਡੀਓ ਸਰਵਿਸ ਲਿਫ਼ਟ ਜਾਂ ਪੌੜੀਆਂ ਦੇ ਨੇੜਿਓਂ ਚੋਰੀ-ਛਿਪੇ ਬਣਾਇਆ ਗਿਆ ਜਾਪਦਾ ਹੈ। ਪੁਲੀਸ ਮੁਤਾਬਕ ਪੀੜਤ ਔਰਤ ਆਪਣੇ ਘਰ ਵਾਪਸ ਚਲੀ ਗਈ ਹੈ। ਉਸ ਨੇ ਲਿਖਤੀ ਬਿਆਨ ਦੇ ਕੇ ਪੁਲੀਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਹਟਾਉਣ ਦੀ ਬੇਨਤੀ ਵੀ ਕੀਤੀ ਹੈ। ਇਸ ਦੌਰਾਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਪੁਲੀਸ ਨੂੰ ਟੈਗ ਕਰਕੇ ਕਥਿਤ ਦੋਸ਼ੀ ਔਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਕਿਹਾ ਹੈ ਕਿ ਮਾਮਲੇ ਦੀ ਅਗਲੇ ਪੱਧਰ ’ਤੇ ਜਾਂਚ ਜਾਰੀ ਹੈ ਅਤੇ ਜਾਂਚ ਦੇ ਆਧਾਰ ’ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
Posted By: Daily Suraj Bureau