Daily Suraj

ਪੰਜਾਬੀ

ਧਰਮ ਪਰਿਵਰਤਨ ‘ਤੇ ਸਿਰਫ਼ ਬਿਆਨ ਨਹੀਂ, ਕਾਰਵਾਈ ਜ਼ਰੂਰੀ: ਹਰਜਿੰਦਰ ਧਾਮੀ

02 Mar, 2026 05:06 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਧਰਮ ਦਾ ਅਸਲ ਰੂਪ ਕਦੇ ਨਹੀਂ ਬਦਲਦਾ ਅਤੇ ਇਹ ਸਦਾ ਅਟੱਲ ਤੇ ਸਦੀਵੀਂ ਰਹਿੰਦਾ ਹੈ। ਉਨ੍ਹਾਂ ਨੇ ਦਰਸਾਇਆ ਕਿ ਕਈ ਵਾਰੀ ਸਮਾਜਿਕ ਜਾਂ ਆਰਥਿਕ ਹਾਲਾਤਾਂ ਕਾਰਨ ਜੋ ਕੁਝ ਵਾਪਰਦਾ ਹੈ, ਉਸ ਨੂੰ ਧਰਮ ਪਰਿਵਰਤਨ ਕਹਿ ਦਿੱਤਾ ਜਾਂਦਾ ਹੈ, ਪਰ ਹਕੀਕਤ ਵਿੱਚ ਇਹ “ਲਾਲਚ ਪਰਿਵਰਤਨ” ਹੁੰਦਾ ਹੈ। ਧਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਧਰਮ ਦਾ ਵਾਧਾ ਸਿਰਫ਼ ਸਿੱਧਾਂਤ ਅਤੇ ਨਿਮਰਤਾ ਨਾਲ ਹੀ ਹੋ ਸਕਦਾ ਹੈ, ਨਾ ਕਿ ਲਾਲਚ ਜਾਂ ਜ਼ਬਰਦਸਤੀ ਨਾਲ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਅਨੁਸਾਰ ਜੀਊਣ ਦਾ ਅਧਿਕਾਰ ਹੈ, ਪਰ ਕਿਸੇ ਵੱਲੋਂ ਲਾਲਚ ਦੇ ਆਧਾਰ ‘ਤੇ ਧਰਮ ਬਦਲਵਾਇਆ ਜਾਣਾ ਗਲਤ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਵਿੱਚ ਧਰਮ ਪਰਿਵਰਤਨ ਸਬੰਧੀ ਬਿਆਨ ‘ਤੇ ਪ੍ਰਤੀਕਰਿਆ ਦਿੰਦਿਆਂ ਕਿਹਾ ਕਿ ਸਿਰਫ਼ ਬਿਆਨਾਂ ਨਾਲ ਕੰਮ ਨਹੀਂ ਚੱਲੇਗਾ, ਸਗੋਂ ਸਹੀ ਢੰਗ ਨਾਲ ਕਾਰਵਾਈ ਦੀ ਲੋੜ ਹੈ। ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਅਪੀਲ ਕੀਤੀ ਕਿ ਸਿਆਸਤ ਤੋਂ ਉੱਪਰ ਉਠ ਕੇ ਅਸਲੀ ਹਾਲਾਤਾਂ ‘ਤੇ ਕੰਮ ਕੀਤਾ ਜਾਵੇ। ਧਾਮੀ ਨੇ ਦੱਸਿਆ ਕਿ ਸਰਹੱਦੀ ਇਲਾਕਿਆਂ ਵਿੱਚ ਨਵੇਂ ਵਲੰਟੀਅਰ ਤਾਇਨਾਤ ਕੀਤੇ ਗਏ ਹਨ ਜੋ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਗੁਰਮਤਿ ਅਧਾਰਿਤ ਜਾਗਰੂਕਤਾ ਫੈਲਾ ਰਹੇ ਹਨ। ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ, ਧਾਮੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਮਾਣਿਆਂ ਨੂੰ ਮਾਣ ਅਤੇ ਨਿਤਾਣਿਆਂ ਨੂੰ ਤਾਣ ਦਿੱਤਾ। ਖਾਲਸਾ ਪੰਥ ਦੀ ਸਥਾਪਨਾ ਸਮੇਂ ਪੰਜ ਪਿਆਰਿਆਂ ਦੀ ਚੋਣ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਧਰਮ ਸਮਾਨਤਾ ਅਤੇ ਉੱਚੇ ਆਦਰਸ਼ਾਂ ‘ਤੇ ਆਧਾਰਿਤ ਹੈ। ਇਸ ਤੋਂ ਇਲਾਵਾ, ਧਾਮੀ ਨੇ ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਦੀਆਂ ਜਾਇਦਾਦਾਂ ਬਾਰੇ ਚਿੰਤਾ ਜਤਾਈ। ਉਨ੍ਹਾਂ ਨੇ ਦੱਸਿਆ ਕਿ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਦੌਰੇ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਗੁਰਦੁਆਰਿਆਂ ਦੀ ਸੰਪਤੀ ਅਤੇ ਪ੍ਰਬੰਧ ਬਾਰੇ ਜਾਣਕਾਰੀ ਲਈ ਸੀ। ਉਨ੍ਹਾਂ ਨੇ ਕਿਹਾ ਕਿ ਗੁਰਧਾਮਾਂ ਦੀ ਜਾਇਦਾਦ ਵੇਚਣ ਦਾ ਕੰਮ ਠੀਕ ਨਹੀਂ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਅਤੇ ਸੰਪਤੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ‘ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਰਾਮ ਸਿੰਘ, ਸਾਬਕਾ ਮੰਤਰੀ ਸੋਹਣ ਸਿੰਘ ਠੰਡੜ ਅਤੇ ਸਾਬਕਾ ਮੈਨੇਜਰ ਕਰਮ ਸਿੰਘ ਵੀ ਮੌਜੂਦ ਸਨ।

Posted By: Daily Suraj Bureau

Latest News