ਦਿੱਲੀ: ਮੋਤੀ ਨਗਰ ਬੈਂਕੁਇਟ ਹਾਲ 'ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਡੀਐਲਐਫ਼ ਮੋਤੀ ਨਗਰ ਇਲਾਕੇ ਦੇ ਨੇੜੇ ਇੱਕ ਬੈਂਕੁਇਟ ਹਾਲ ਵਿੱਚ ਲੱਗੀ ਭਿਆਨਕ ਅੱਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ ਅਤੇ ਉਹ ਪੇਸ਼ੇ ਤੋਂ ਤਰਖਾਣ ਸੀ। ਅੱਗ ਸੋਮਵਾਰ ਰਾਤ 8.47 ਵਜੇ ਲੱਗੀ ਅਤੇ ਸ਼ੁਰੂ ਵਿੱਚ ਦੋ ਲੋਕ ਅੱਗ ਦੀਆਂ ਲਪਟਾਂ ਵਿੱਚ ਫਸ ਗਏ। ਇੱਕ ਵਿਅਕਤੀ ਕਿਸੇ ਤਰ੍ਹਾਂ ਬਾਹਰ ਆ ਗਿਆ ਜਦੋਂ ਕਿ ਰਾਜੇਸ਼ ਫਸ ਗਿਆ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਪਹਿਲੀ ਨਜ਼ਰੇ ਰਾਜੇਸ਼ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ।’’ ਹਾਲਾਂਕਿ, ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਸ਼ੁਰੂ ਵਿੱਚ, 18 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ ਸਨ ਅਤੇ ਬਾਅਦ ਵਿੱਚ ਛੇ ਹੋਰ ਭੇਜੇ ਗਏ।
ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਕਿਹਾ, ‘‘ਸਾਨੂੰ ਰਾਤ 8.47 ਵਜੇ ਡੀਐਲਐਫ ਮੋਤੀ ਨਗਰ ਦੇ ਸਾਹਮਣੇ ਗੋਲਡਨ ਬੈਂਕੁਏਟ ਹਾਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਕੁੱਲ 24 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ।’’ ਘਟਨਾ ਸਥਾਨ ਤੋਂ ਪ੍ਰਾਪਤ ਦ੍ਰਿਸ਼ਾਂ ਵਿੱਚ ਰਾਤ ਦੇ ਅਸਮਾਨ ਵਿੱਚ ਕਾਲੇ ਧੂੰਏਂ ਦੇ ਸੰਘਣੇ ਗੁਬਾਰ ਉੱਠਦੇ ਦਿਖਾਈ ਦਿੱਤੇ ਅਤੇ ਗੋਲਡਨ ਬੈਂਕੁਇਟ ਹਾਲ ਦੇ ਵੱਡੇ ਹਿੱਸੇ ਅੱਗ ਦੀਆਂ ਲਪਟਾਂ ਵਿੱਚ ਘਿਰੇ ਹੋਏ ਦਿਖਾਈ ਦਿੱਤੇ।
#DelhiFire #MotinagarFire #BanquetHallFire #FireAccident #DLFDelhi #FireTragedy #DelhiNews #FireSafety #EmergencyResponse #BanquetHallAccident
Posted By: Daily Suraj Bureau