Daily Suraj

ਪੰਜਾਬੀ

ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਤੀਜਾ ਦਿਨ

03 Sep, 2026 10:56 AM

ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 32 ਕਿਸਾਨ ਜਥੇਬੰਦੀਆਂ ਨੇ 1 ਤੋਂ 7 ਸਤੰਬਰ ਤੱਕ ਧਰਨਾ ਲਗਾਇਆ ਹੈ। ਮੋਰਚੇ ਵਾਲੀ ਥਾਂ ‘ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਪਹੁੰਚ ਰਹੇ ਹਨ ਅਤੇ ਇਨ੍ਹਾਂ ਨੂੰ ਹੀ ਰਾਤ ਰਹਿਣ ਲਈ ਵਰਤਿਆ ਜਾ ਰਿਹਾ ਹੈ। ਧਰਨੇ ਵਾਲੀ ਥਾਂ ‘ਤੇ ਲੰਗਰ ਸੇਵਾ ਵੀ ਚਲ ਰਹੀ ਹੈ। ਕਿਸਾਨ ਆਗੂਆਂ ਵੱਲੋਂ ਫਸਲਾਂ ਲਈ ਕਾਨੂੰਨੀ MSP ਦੀ ਗਾਰੰਟੀ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ, ਗੰਨੇ ਦੀ ਕੀਮਤ ਵਧਾਉਣ ਅਤੇ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਲਈ ਪੈਨਸ਼ਨ ਸਮੇਤ ਕਈ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਪਾਣੀਆਂ ਅਤੇ BBMB ਵਿੱਚ ਨੁਮਾਇੰਦਗੀ ਵਰਗੇ ਮੁੱਦੇ ਵੀ ਅੰਦੋਲਨ ਦਾ ਹਿੱਸਾ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੰਗਾਂ ਦੇ ਹੱਲ ਲਈ ਸਰਕਾਰ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਆਈਸਰ ਇੰਸਟੀਚਿਊਟ ਤੋਂ ਜਗਤਪੁਰਾ ਵੱਲ ਆਉਣ ਵਾਲੇ ਰਸਤੇ ‘ਤੇ ਇੱਕ ਪਾਸੇ ਦੀ ਸੜਕ ਬੰਦ ਕਰ ਦਿੱਤੀ ਗਈ ਹੈ। ਹੁਣ ਸੜਕ ਦੇ ਇੱਕ ਹੀ ਹਿੱਸੇ ਰਾਹੀਂ ਦੋਵੇਂ ਪਾਸਿਆਂ ਦਾ ਟ੍ਰੈਫਿਕ ਕੱਢਿਆ ਜਾ ਰਿਹਾ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਫਿਕ ਨੂੰ ਹੋਰ ਰਸਤਿਆਂ ਵੱਲ ਡਾਇਵਰਟ ਕੀਤਾ ਗਿਆ ਹੈ।

Posted By: Daily Suraj Bureau

Latest News