Daily Suraj

ਪੰਜਾਬੀ

ਮੋਗਾ ’ਚ ਧੋਖਾਧੜੀ ਦਾ ਵੱਡਾ ਖੁਲਾਸਾ: ਗਲਤ ਦਸਤਾਵੇਜ਼ਾਂ ’ਤੇ ਜਾਰੀ ਹੋ ਰਹੇ GST ਨੰਬਰ, ਦਿਹਾੜੀਦਾਰ ਮਜ਼ਦੂਰ ਦੇ ਨਾਮ ’ਤੇ 35 ਕਰੋੜ ਦਾ ਗੋਲਮਾਲ

15 Nov, 2025 08:03 PM

ਪੰਜਾਬ ਦੇ ਜ਼ਿਲ੍ਹਾ ਮੋਗਾ ’ਚ GST ਵਿਭਾਗ ਸੰਬੰਧੀ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗਲਤ ਦਸਤਾਵੇਜ਼ਾਂ ਦੇ ਆਧਾਰ ’ਤੇ GST ਨੰਬਰ ਜਾਰੀ ਕੀਤੇ ਜਾ ਰਹੇ ਹਨ। ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਲੁਧਿਆਨਾ GST ਵਿਭਾਗ ਵੱਲੋਂ ਮੋਗਾ ਦੇ ਇੱਕ ਦਿਹਾੜੀਦਾਰ ਮਜਦੂਰ ਨੂੰ 35 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਵਾਉਣ ਬਾਰੇ ਨੋਟਿਸ ਭੇਜਿਆ ਗਿਆ।


ਦੱਸਿਆ ਜਾ ਰਿਹਾ ਹੈ ਕਿ ਪੀੜਤ ਅਜਮੇਰ ਸਿੰਘ ਤੋਂ ਕੋਰੋਨਾ ਕਾਲ ਦੌਰਾਨ ਮਦਦ ਦੇ ਨਾਮ ’ਤੇ ਕੁਝ ਅਣਪਛਾਤੇ ਲੋਕ ਉਸਦੇ ਆਧਾਰ ਕਾਰਡ ਸਮੇਤ ਹੋਰ ਕਾਗਜ਼ਾਤ ਲੈ ਗਏ ਸਨ। ਮਦਦ ਦੀ ਆਸ ਰੱਖਣ ਵਾਲੇ ਅਜਮੇਰ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਸਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸਦੇ ਨਾਮ ’ਤੇ GST ਨੰਬਰ ਕੱਢ ਕੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕੀਤੀ ਜਾਵੇਗੀ।


ਅਜਮੇਰ ਸਿੰਘ ਨੇ ਦੱਸਿਆ ਕਿ ਜਦੋਂ ਉਸਨੂੰ 35 ਕਰੋੜ ਰੁਪਏ ਦੇ ਨੋਟਿਸ ਦੀ ਜਾਣਕਾਰੀ ਹੋਈ ਅਤੇ ਉਸਨੇ ਇਹ ਕਾਗਜ਼ਾਤ ਆਪਣੇ ਮੁਹੱਲੇ ਦੇ ਮੋਹਤਵਾਰ ਲੋਕਾਂ ਨੂੰ ਪੜ੍ਹਵਾਏ, ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਇਸ ਤੋਂ ਬਾਅਦ ਪੀੜਤ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੋਹੱਲੇ ਦੇ ਆਗੂਆਂ ਨਾਲ ਸੰਪਰਕ ਕੀਤਾ ਹੈ।


ਮੁਹੱਲੇ ਦੇ ਪਾਰਸ਼ਦ ਜਗਜੀਤ ਸਿੰਘ ਉਰਫ਼ ਜੀਤ ਨੇ ਦੱਸਿਆ ਕਿ ਅਜਮੇਰ ਸਿੰਘ ਦਿਹਾੜੀਆਂ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ, ਪਰ ਉਸਦੇ ਨਾਮ ’ਤੇ 35 ਕਰੋੜ ਰੁਪਏ ਦੀ ਲੈਣ-ਦੇਣ ਦਾ ਨੋਟਿਸ ਆਉਣਾ ਹੈਰਾਨੀਭਰਿਆ ਹੈ। ਉਹਨਾਂ ਕਿਹਾ ਕਿ ਉਹ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮਿਲੇ ਹਨ, ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਪੁਲਿਸ ਵਿੱਚ ਸ਼ਿਕਾਇਤ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸਦੇ ਤਹਿਤ ਪਾਰਸ਼ਦ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪਾਰਸ਼ਦ ਜੀਤ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਸੋਚੇ- ਸਮਝੇ ਆਪਣੇ ਜ਼ਰੂਰੀ ਦਸਤਾਵੇਜ਼ ਕਿਸੇ ਨੂੰ ਵੀ ਨਾ ਸੌਂਪਣ।


ਉੱਧਰ, ਇਸ ਮਾਮਲੇ ਸਬੰਧੀ ਸੰਬੰਧਿਤ ਥਾਣੇ ਦੇ ਏਐਸਆਈ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਇਸ ਬਾਰੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Posted By: Daily Suraj Bureau

Latest News