Daily Suraj

ਪੰਜਾਬੀ

ਪ੍ਰੋ. ਬਡੂੰਗਰ ਦਾ ਬਿਆਨ - ਬੇਜ਼ੁਬਾਨ ਪਸ਼ੂਆਂ ਦੀ ਜ਼ਿੰਦਗੀ ਬਚਾਉਣੀ ਸਾਂਝੀ ਜ਼ਿੰਮੇਵਾਰੀ

26 Jul, 2025 10:28 PM

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰਾਂ ਤੇ ਪਿੰਡਾਂ ਦੀਆਂ ਗਲੀਆਂ-ਗਲੀਆਂ ਵਿਚ ਘੁੰਮ ਰਹੇ ਬੇਜ਼ੁਬਾਨ ਜਾਨਵਰਾਂ ਵਲੋਂ ਲੋਕਾਂ ਨੂੰ ਵੱਢੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਨਾਲ-ਨਾਲ ਸੜਕਾਂ ਉਤੇ ਆਵਾਰਾ ਘੁੰਮ ਰਹੇ ਪਸ਼ੂਆਂ ਨਾਲ ਨਿਤ-ਦਿਨ ਵਾਪਰ ਰਹੇ ਸੜਕੀ ਹਾਸਿਆਂ ਵਿਚ ਸੈਂਕੜੇ ਲੋਕਾਂ ਦੀਆਂ ਰੋਜ਼ਾਨਾ ਜਾ ਰਹੀਆਂ ਅਜਾਈਂ ਜਾਨਾਂ ਨੂੰ ਬਚਾਉਣ ਲਈ ਯੋਗ ਪ੍ਰਬੰਧ ਕੀਤੇ ਜਾਣ।

ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਸਮਾਜ ਵਿਚ ਇਹ ਗੰਭੀਰ ਸਮੱਸਿਆਵਾਂ ਬਣਦੀਆਂ ਜਾ ਰਹੀਆਂ ਹਨ, ਜਿਸ ਉਤੇ ਕਾਬੂ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕਾਂ ਉਤੇ ਆਵਾਰਾ ਘੁੰਮ ਰਹੇ ਪਸ਼ੂ ਜ਼ਿਆਦਾਤਰ ਉਹ ਹੁੰਦੇ ਹਨ, ਜੋ ਲੋਕਾਂ ਵਲੋਂ ਦੁੱਧ ਨਾ ਦੇਣ ਕਰਕੇ ਛੱਡ ਦਿੱਤੇ ਜਾਂਦੇ ਹਨ ਤੇ ਗਊਸ਼ਾਲਾਵਾਂ ਵੀ ਅਜਿਹੇ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਤੋਂ ਪੈਰ ਪਿੱਛੇ ਖਿੱਚ ਲੈਂਦੀਆਂ ਹਨ। ਇਸ ਸਭ ਦੇ ਬਾਵਜੂਦ ਜਦੋਂ ਸਰਕਾਰ ਵਲੋਂ ਗਊ ਸੈੱਸ ਦੇ ਨਾਂਅ ਉਤੇ ਲੱਖਾਂ ਕਰੋੜਾਂ ਰੁਪਏ ਲੋਕਾਂ ਕੋਲੋਂ ਇਕੱਠਾ ਕੀਤਾ ਜਾਂਦਾ ਹੈ ਤਾਂ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਵੀ ਸਰਕਾਰਾਂ ਦਾ ਮੁੱਖ ਫਰਜ਼ ਬਣਦਾ ਹੈ ਪਰ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਸਰਕਾਰ ਵਲੋਂ 15 ਜੁਲਾਈ ਨੂੰ ਵਿਧਾਨ ਸਭਾ ਦੇ ਸੱਦੇ ਗਏ ਸਪੈਸ਼ਲ ਸਦਨ ਵਿਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਆਵਾਜ਼ ਉਠਾਈ ਗਈ ਸੀ, ਜਿਸ ਲਈ ਸਰਕਾਰ ਭਾਵੇਂ ਗੰਭੀਰ ਦਿਖਾਈ ਦਿੱਤੀ ਪਰ ਫਿਰ ਵੀ ਯੋਗ ਪ੍ਰਬੰਧ ਸਰਕਾਰ ਵਲੋਂ ਜਲਦ ਤੋਂ ਜਲਦ ਕੀਤੇ ਜਾਣੇ ਚਾਹੀਦੇ ਹਨ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਇਸ ਦੇ ਨਾਲ ਹੀ ਕੁੱਤਿਆਂ ਦੀ ਵੱਧ ਰਹੀ ਗਿਣਤੀ ਵੀ ਸਮਾਜ ਲਈ ਘਾਤਕ ਸਿੱਧ ਹੁੰਦੀ ਜਾ ਰਹੀ ਹੈ, ਇਸ ਲਈ ਸਰਕਾਰ ਨੂੰ ਆਵਾਰਾ ਕੁੱਤਿਆਂ ਵੱਲ ਵੀ ਉਚਿਤ ਧਿਆਨ ਦੇ ਕੇ ਇਸ ਸਮੱਸਿਆ ਨੂੰ ਨਜਿੱਠਣ ਲਈ ਯੋਗ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। 

#AnimalWelfare #ProfBadungar #SaveAnimals #GovernmentAction #AnimalRights #PunjabNews

Posted By: Daily Suraj Bureau

Latest News