Daily Suraj

ਪੰਜਾਬੀ

ਸਵੈ-ਮਾਣ ਨਾਲ ਸਮਝੌਤੇ ਦੀ ਗੱਲ: ਆਰਥਿਕ ਹਾਲਾਤਾਂ ‘ਤੇ ਸ਼ਹਿਬਾਜ਼ ਸ਼ਰੀਫ਼ ਦੀ ਟਿੱਪਣੀ

31 Jan, 2026 04:30 PM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵਿਦੇਸ਼ੀ ਕਰਜ਼ਿਆਂ ਲਈ ਦੂਜੇ ਦੇਸ਼ਾਂ ਅੱਗੇ ਹੱਥ ਅੱਡਣ ਦੀ ਮਜਬੂਰੀ ਨੂੰ ਦੇਸ਼ ਲਈ ਵੱਡੀ ‘ਨਾਮੋਸ਼ੀ’ ਕਰਾਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਕਾਰੋਬਾਰੀਆਂ ਅਤੇ ਨਿਰਯਾਤਕਾਂ ਨੂੰ ਸੰਬੋਧਨ ਕਰਦਿਆਂ ਸ਼ਰੀਫ਼ ਨੇ ਬੇਹੱਦ ਭਾਵੁਕ ਲਹਿਜੇ ਵਿੱਚ ਕਿਹਾ ਕਿ ਕਰਜ਼ਾ ਮੰਗਣ ਨਾਲ ਦੇਸ਼ ਦਾ ਸਿਰ ਝੁਕਦਾ ਹੈ ਅਤੇ ਸਾਨੂੰ ਆਪਣੇ ਸਵੈ-ਮਾਣ ਦੀ ਕੀਮਤ ’ਤੇ ਕਈ ਅਣਉਚਿਤ ਸਮਝੌਤੇ ਕਰਨੇ ਪੈਂਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਦੇ ਉਸ ਦੌਰ ਨੂੰ ਯਾਦ ਕੀਤਾ ਜਦੋਂ ਪਾਕਿਸਤਾਨ ਦੀਵਾਲੀਆ ਹੋਣ ਦੇ ਕੰਢੇ ’ਤੇ ਸੀ ਅਤੇ ਉਨ੍ਹਾਂ ਨੂੰ ਫੌਜ ਮੁਖੀ ਆਸਿਮ ਮੁਨੀਰ ਦੇ ਨਾਲ ਮਿਲ ਕੇ ਅਰਬਾਂ ਡਾਲਰਾਂ ਦੀ ਮਦਦ ਲਈ ਮਿੱਤਰ ਦੇਸ਼ਾਂ ਦੇ ਦਰਵਾਜ਼ੇ ਖੜਕਾਉਣੇ ਪਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ ਚੀਨ, ਸਾਊਦੀ ਅਰਬ ਅਤੇ ਯੂ.ਏ.ਈ. ਵਰਗੇ ਮਿੱਤਰ ਦੇਸ਼ਾਂ ਨੇ ਹਮੇਸ਼ਾ ਸਾਥ ਦਿੱਤਾ, ਪਰ ਮੰਗਣ ਵਾਲੇ ਦੀ ਸਥਿਤੀ ਬਹੁਤ ਕਮਜ਼ੋਰ ਹੁੰਦੀ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਕਈ ਵਾਰ ਕਰਜ਼ਾ ਦੇਣ ਵਾਲੇ ਦੇਸ਼ ਅਜਿਹੀਆਂ ਸ਼ਰਤਾਂ ਥੋਪ ਦਿੰਦੇ ਹਨ ਜਿਨ੍ਹਾਂ ਦਾ ਕੋਈ ਤਰਕ ਨਹੀਂ ਹੁੰਦਾ ਪਰ ਮਜਬੂਰੀ ਵਿੱਚ ਉਨ੍ਹਾਂ ਨੂੰ ਮੰਨਣਾ ਪੈਂਦਾ ਹੈ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਉਦਯੋਗਾਂ ਨੂੰ ਬਿਜਲੀ ਦਰਾਂ ਵਿੱਚ 4.04 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਅਤੇ ਬਰਾਮਦਕਾਰਾਂ ਲਈ ਵਿਆਜ ਦਰਾਂ ਘਟਾਉਣ ਵਰਗੀਆਂ ਵੱਡੀਆਂ ਰਾਹਤਾਂ ਦੇਣ ਦਾ ਵੀ ਐਲਾਨ ਕੀਤਾ ਤਾਂ ਜੋ ਦੇਸ਼ ਦੀ ਕਰਜ਼ਿਆਂ 'ਤੇ ਨਿਰਭਰਤਾ ਘਟਾਈ ਜਾ ਸਕੇ।

Posted By: Daily Suraj Bureau

Latest News