Daily Suraj

ਪੰਜਾਬੀ

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਿੱਚ ਗੜਬੜੀਆਂ ਦਾ ਖੁਲਾਸਾ, ਸਾਲਾਨਾ ਰਿਪੋਰਟ ਨੇ ਖੋਲ੍ਹੇ ਰਾਜ

19 May, 2026 04:47 PM

ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੀ ਨਵੀਂ ਸਾਲਾਨਾ ਰਿਪੋਰਟ ਵਿੱਚ ਵਿਭਾਗ ਅੰਦਰ ਹੋਈਆਂ ਕਈ ਗੰਭੀਰ ਗੜਬੜੀਆਂ ਅਤੇ ਗਲਤ ਵਰਤਾਰਿਆਂ ਦਾ ਪਰਦਾਫਾਸ਼ ਹੋਇਆ ਹੈ। ਰਿਪੋਰਟ ਅਨੁਸਾਰ ਕਈ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਵੱਲੋਂ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਦੇ ਹੋਏ ਨਿਯਮਾਂ ਦੀ ਉਲੰਘਣਾ ਕੀਤੀ ਗਈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਕ ਸੀਨੀਅਰ ਅਧਿਕਾਰੀ ਨੇ ਆਪਣੇ ਨਿੱਜੀ ਜਾਣ-ਪਛਾਣ ਵਾਲੇ ਵਿਅਕਤੀ ਨੂੰ ਵਿਸ਼ੇਸ਼ ਤਰਜੀਹ ਦਿੱਤੀ, ਜਿਸ ਨੂੰ “ਗੰਭੀਰ ਬਦਇੰਤਜ਼ਾਮੀ” ਕਰਾਰ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਅਧਿਕਾਰੀ ਵੱਲੋਂ ਆਪਣੀ ਭਤੀਜੀ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਕੋਸ਼ਿਸ਼ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇੱਕ ਕਰਮਚਾਰੀ ਇਕੱਠੇ ਦੋ ਸਰਕਾਰੀ ਨੌਕਰੀਆਂ ਕਰ ਰਿਹਾ ਸੀ। ਰਿਪੋਰਟ ਵਿੱਚ ਨਸਲੀ ਟਿੱਪਣੀਆਂ ਕਰਨ, ਮਹਿਲਾ ਕਰਮਚਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰਨ, ਕੰਮ ਕੀਤੇ ਬਿਨ੍ਹਾਂ ਓਵਰਟਾਈਮ ਦਾ ਭੁਗਤਾਨ ਲੈਣ ਅਤੇ ਨਿਯੁਕਤੀ ਪ੍ਰਕਿਰਿਆ ਦੌਰਾਨ ਝੂਠੇ ਹਵਾਲੇ ਪੇਸ਼ ਕਰਨ ਵਰਗੇ ਦੋਸ਼ਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਕੁਝ ਮਾਮਲਿਆਂ ਵਿੱਚ ਕਰਮਚਾਰੀਆਂ ਵੱਲੋਂ ਬਿਮਾਰੀ ਦਾ ਬਹਾਨਾ ਬਣਾਕੇ ਛੁੱਟੀਆਂ ਲੈਣ ਅਤੇ ਨਿੱਜੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਗੱਲ ਵੀ ਸਾਹਮਣੇ ਆਈ। ਇੱਕ ਕਰਮਚਾਰੀ ’ਤੇ ਖੁਦ ਨੂੰ ਕੈਨੇਡਾ ਦਾ ਰਾਜਦੂਤ ਦੱਸਦਿਆਂ ਇੰਟਰਨੈੱਟ ’ਤੇ ਰਾਜਨੀਤਿਕ ਵਿਚਾਰ ਸਾਂਝੇ ਕਰਨ ਦੇ ਦੋਸ਼ ਵੀ ਲੱਗੇ ਹਨ। ਰਿਪੋਰਟ ਮੁਤਾਬਕ ਵਿਭਾਗ ਵਿੱਚ ਕੁੱਲ 105 ਗਲਤ ਵਿਵਹਾਰ ਦੇ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਧੋਖਾਧੜੀ, ਵਿੱਤੀ ਗੜਬੜੀਆਂ, ਤੰਗ-ਪ੍ਰੇਸ਼ਾਨੀ, ਨੈਤਿਕ ਨਿਯਮਾਂ ਦੀ ਉਲੰਘਣਾ ਅਤੇ ਸਰਕਾਰੀ ਉਪਕਰਣਾਂ ਦੀ ਗਲਤ ਵਰਤੋਂ ਸ਼ਾਮਲ ਹੈ। ਇਨ੍ਹਾਂ ਮਾਮਲਿਆਂ ਵਿੱਚ ਤਿੰਨ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ, ਜਦਕਿ ਕਈ ਹੋਰਾਂ ਖ਼ਿਲਾਫ਼ ਮੁਅੱਤਲੀ, ਲਿਖਤੀ ਚੇਤਾਵਨੀ ਅਤੇ ਸਰਕਾਰੀ ਰਕਮ ਦੀ ਵਸੂਲੀ ਵਰਗੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। ਵਿਭਾਗ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਟੈਡ ਗੈਲੀਵਨ ਨੇ ਕਿਹਾ ਕਿ ਇੰਨੇ ਵੱਡੇ ਵਿਭਾਗ ਵਿੱਚ ਕੁਝ ਗਲਤ ਮਾਮਲੇ ਸਾਹਮਣੇ ਆਉਣਾ ਅਸਧਾਰਨ ਨਹੀਂ ਹੈ, ਪਰ ਹਰ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਨਾ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇੱਕ ਵਿਸ਼ੇਸ਼ ਸ਼ਿਕਾਇਤ ਦਫ਼ਤਰ ਵੀ ਸਥਾਪਤ ਕੀਤਾ ਗਿਆ ਹੈ, ਜਿੱਥੇ ਕਰਮਚਾਰੀ ਬਿਨ੍ਹਾਂ ਕਿਸੇ ਡਰ ਜਾਂ ਬਦਲੇ ਦੀ ਕਾਰਵਾਈ ਦੇ ਆਪਣੇ ਕੰਮਕਾਜ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਸ਼ਿਕਾਇਤ ਦਰਜ ਕਰ ਸਕਦੇ ਹਨ। ਟੈਡ ਗੈਲੀਵਨ ਨੇ ਕਿਹਾ ਕਿ ਇਹ ਦਫ਼ਤਰ ਕਰਮਚਾਰੀਆਂ ਨੂੰ ਮਾਰਗਦਰਸ਼ਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ, ਤਾਂ ਜੋ ਦਫ਼ਤਰਾਂ ਵਿੱਚ ਸਿਹਤਮੰਦ ਅਤੇ ਨਿਰਪੱਖ ਕਾਰਜ ਮਾਹੌਲ ਬਣਾਈ ਰੱਖਿਆ ਜਾ ਸਕੇ।

Posted By: Daily Suraj Bureau

Latest News