ਮਹਿਲਾਵਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਹੀ ਨਿਆਂ ਦੇਣ ਲਈ ਮਹਿਲਾ ਆਯੋਗ ਵਚਨਬੱਧ: ਰੇਣੂ ਭਾਟੀਆ
ਹਰਿਆਣਾ ਰਾਜ ਮਹਿਲਾ ਆਯੋਗ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਕਿਹਾ ਹੈ ਕਿ ਆਯੋਗ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਨਿਆਂ ਲਈ ਭਟਕਣ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਹੀ ਉਚਿਤ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਆਯੋਗ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਕਿਸੇ ਵੀ ਕਿਸਮ ਦੇ ਅਨਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੇਅਰਪਰਸਨ ਰੇਣੂ ਭਾਟੀਆ ਇੱਥੇ ਰਾਸ਼ਟਰੀ ਮਹਿਲਾ ਆਯੋਗ ਅਤੇ ਹਰਿਆਣਾ ਰਾਜ ਮਹਿਲਾ ਆਯੋਗ ਦੇ ਸਾਂਝੇ ਉੱਦਮ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਜਨਸੁਣਵਾਈ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਿਛਲੀ 8 ਮਾਰਚ ਤੋਂ ਪੂਰੇ ਹਫ਼ਤੇ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਜਨਸੁਣਵਾਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਪ੍ਰੋਗਰਾਮ ਦੌਰਾਨ ਜੀਂਦ ਅਤੇ ਕੈਥਲ ਜ਼ਿਲ੍ਹਿਆਂ ਤੋਂ ਆਈਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਪ੍ਰੋਗਰਾਮ ਵਿੱਚ ਕੁੱਲ 28 ਸ਼ਿਕਾਇਤਾਂ ਸੁਣੀਆਂ ਗਈਆਂ, ਜਿਨ੍ਹਾਂ ਵਿੱਚੋਂ 20 ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਬਾਕੀ ਰਹਿੰਦੀਆਂ ਸ਼ਿਕਾਇਤਾਂ ਨੂੰ ਵੀ ਜਲਦੀ ਹੱਲ ਕਰਨ ਦੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ। ਰੇਣੂ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਯੋਗ ਦਾ ਯਤਨ ਹੈ ਕਿ ਮਹਿਲਾਵਾਂ ਨੂੰ ਉਨ੍ਹਾਂ ਦੇ ਆਪਣੇ ਖੇਤਰ ਵਿੱਚ ਹੀ ਨਿਆਂ ਮਿਲੇ ਅਤੇ ਉਨ੍ਹਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਇਸ ਮੌਕੇ ਏ ਐੱਸ ਪੀ ਸੋਨਾਕਸ਼ੀ ਸਿੰਘ, ਸਿਟੀ ਮੈਜਿਸਟਰੇਟ ਮੋਨਿਕਾ ਰਾਣੀ, ਮਹਿਲਾ ਆਯੋਗ ਤੋਂ ਪੂਜਾ ਤੇ ਪ੍ਰੀਤੀ, ਡੀ ਸੀ ਪੀ ਓ ਸੁਜਾਤਾ, ਸੀ ਡੀ ਪੀ ਓ ਸੰਤੋਸ਼ ਦੇਵੀ, ਪੀ ਪੀ ਓ ਸੁਨੀਤਾ ਦੇਵੀ, ਰਾਜਵੰਤੀ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Posted By: Daily Suraj Bureau