ਗੁਰੂਆਂ ਦੀ ਕੁਰਬਾਨੀ ਤੇ ਏਕਤਾ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦੀ ਲੋੜ – ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਮੌਕੇ ਵੀਡੀਓ ਸੰਦੇਸ਼ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ ਅਤੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਹ ਸਮਾਗਮ ਨਵੀ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ। ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਅਸੀਂ ‘ਹਿੰਦ ਦੀ ਚਾਦਰ’ ਵਜੋਂ ਜਾਣੇ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਿਦਾਨ ਨੂੰ ਯਾਦ ਕਰ ਰਹੇ ਹਾਂ। ਉਨ੍ਹਾਂ ਇਸ ਇਤਿਹਾਸਕ ਅਤੇ ਪਵਿੱਤਰ ਸਮਾਗਮ ਦਾ ਹਿੱਸਾ ਬਣਨ ਨੂੰ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦਾ ਇਤਿਹਾਸ ਬਹਾਦਰੀ ਅਤੇ ਆਪਸੀ ਸਹਿਯੋਗ ਨਾਲ ਭਰਪੂਰ ਰਿਹਾ ਹੈ। ਜਦੋਂ ਗੁਰੂਆਂ ਨੇ ਆਪਣੀਆਂ ਕੁਰਬਾਨੀਆਂ ਰਾਹੀਂ ਸਮਾਜ ਨੂੰ ਦਿਸ਼ਾ ਦਿੱਤੀ, ਉਸ ਵੇਲੇ ਸਮਾਜਿਕ ਏਕਤਾ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਦੇਸ਼ ਨੂੰ ਇਸੇ ਤਰ੍ਹਾਂ ਦੀ ਏਕਤਾ ਦੀ ਲੋੜ ਹੈ ਅਤੇ ‘ਸੰਗਤ’ ਦੀ ਭਾਵਨਾ ਸਾਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਇਸ ਸਮਾਗਮ ਨੂੰ ਇੱਕ ਨਿਰੰਤਰ ਚੱਲਣ ਵਾਲੇ ਯੱਗ ਵਜੋਂ ਵਿਆਖਿਆ ਕੀਤਾ। ਪ੍ਰਧਾਨ ਮੰਤਰੀ ਦੇ ਅਨੁਸਾਰ, ਇਸ ਯਾਤਰਾ ਦੀ ਸ਼ੁਰੂਆਤ ਪਿਛਲੇ ਸਾਲ ਨਾਗਪੁਰ ਤੋਂ ਹੋਈ ਸੀ। ਇਸ ਤੋਂ ਬਾਅਦ ਨਾਂਦੇੜ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪਵਿੱਤਰ ਸਥਾਨ ‘ਤੇ ਇਹ ਭਾਵਨਾ ਹੋਰ ਡੂੰਘੀ ਹੋਈ ਅਤੇ ਹੁਣ ਇਹ ਯਾਤਰਾ ਨਵੀ ਮੁੰਬਈ ਵਿੱਚ ਇੱਕ ਮਹੱਤਵਪੂਰਨ ਪੜਾਅ ‘ਤੇ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਸਿਰਫ਼ ਕੁਝ ਸ਼ਹਿਰਾਂ ਤੱਕ ਸੀਮਿਤ ਨਹੀਂ ਹੈ, ਸਗੋਂ ਮਹਾਰਾਸ਼ਟਰ ਦੇ ਹਰ ਕੋਨੇ, ਹਜ਼ਾਰਾਂ ਪਿੰਡਾਂ ਅਤੇ ਛੋਟੀਆਂ ਬਸਤੀਆਂ ਤੱਕ ਫੈਲਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਸਮਾਗਮ ਦੇ ਆਯੋਜਨ ਲਈ ਮਹਾਰਾਸ਼ਟਰ ਸਰਕਾਰ ਨੂੰ ਵਧਾਈ ਵੀ ਦਿੱਤੀ।
Posted By: Daily Suraj Bureau