ਡਾ. ਜਸਬੀਰ ਸਿੰਘ ਸੰਧੂ ਵੱਲੋਂ 12 ਨਵੀਆਂ ਕੂੜਾ ਕਲੈਕਸ਼ਨ ਗੱਡੀਆਂ ਨੂੰ ਝੰਡੀ, ਘਰਾਂ ‘ਤੇ ਕਿਊਆਰ ਕੋਡ ਮੁਹਿੰਮ ਦੀ ਸ਼ੁਰੂਆਤ
(ਆਰ.ਕੇ. ਸੋਨੀ) — ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਲਈ ਕੂੜਾ ਕਲੈਕਸ਼ਨ ਦੀਆਂ 12 ਨਵੀਆਂ ਗੱਡੀਆਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸਦੇ ਨਾਲ ਹੀ ਘਰਾਂ ‘ਤੇ ਕਿਊਆਰ ਕੋਡ ਲਗਾਉਣ ਦੀ ਪ੍ਰਕਿਰਿਆ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਕੂੜਾ ਇਕੱਠਾ ਕਰਨ ਦੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। ਇਸ ਮੌਕੇ ਵਿਧਾਇਕ ਸੰਧੂ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਅਤੇ ਘਰ-ਘਰ ਤੋਂ ਸਮੇਂ ਸਿਰ ਕੂੜਾ ਇਕੱਠਾ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਦੱਸਿਆ ਕਿ ਨਵੀਆਂ ਗੱਡੀਆਂ ਨਾਲ ਸਫ਼ਾਈ ਕਰਮਚਾਰੀਆਂ ਦੀ ਕਾਰਗੁਜ਼ਾਰੀ ਵਿੱਚ ਤੇਜ਼ੀ ਆਏਗੀ ਅਤੇ ਨਾਗਰਿਕਾਂ ਨੂੰ ਗੰਦਗੀ ਨਾਲ ਸੰਬੰਧਤ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਵਿਕਾਸ ਅਤੇ ਸਫ਼ਾਈ ਪ੍ਰਣਾਲੀ ਨੂੰ ਤਕਨੀਕੀ ਤੌਰ ‘ਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ, ਤਾਂ ਜੋ ਲੋਕਾਂ ਨੂੰ ਸਾਫ਼ ਵਾਤਾਵਰਣ ਅਤੇ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਸਮਾਗਮ ਦੌਰਾਨ ਨਗਰ ਨਿਗਮ ਦੀ ਸੈਨੇਟਰੀ ਅਫਸਰ ਡਾ. ਰਮਾ ਮਹਾਜਨ, ਕੰਪਨੀ ਦੇ ਮੈਨੇਜਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਨਾਲ ਹੀ ਕੌਂਸਲਰ ਵਿਜੇ ਭਗਤ, ਕੌਂਸਲਰ ਵਿਰਾਟ ਦੇਵਗਨ, ਕੌਂਸਲਰ ਸ਼ਮਸ਼ੇਰ ਸੰਧੂ, ਸੁਖਬੀਰ ਸੋਨੀ, ਕੌਂਸਲਰ ਸੰਦੀਪ ਸਿੰਘ, ਕੌਂਸਲਰ ਅਮਰਜੀਤ ਗੁਮਟਾਲਾ, ਵਾਰਡ ਇੰਚਾਰਜ ਗੁਰਦੇਵ ਜੱਜੀ, ਜ਼ਿਲ੍ਹਾ ਜਨਰਲ ਮੁਖਵਿੰਦਰ ਵਿਰਦੀ, ਪੀ.ਏ. ਮਾਧਵ ਸ਼ਰਮਾ ਅਤੇ ਪੀ.ਏ. ਅਮਰਜੀਤ ਸ਼ੇਰਗਿੱਲ ਸਮੇਤ ਕਈ ਸਥਾਨਕ ਨਿਵਾਸੀ ਹਾਜ਼ਰ ਰਹੇ, ਜਿਨ੍ਹਾਂ ਨੇ ਇਸ ਉਪਰਾਲੇ ਦੀ ਖੁੱਲ੍ਹ ਕੇ ਸਰਾਹਨਾ ਕੀਤੀ।
Posted By: Daily Suraj Bureau