Daily Suraj

ਪੰਜਾਬੀ

ਪ੍ਰਾਪਰਟੀ ਡੀਲਰ ਕਤਲ ਕੇਸ ‘ਚ ਤੇਜ਼ ਕਾਰਵਾਈ, AGTF ਵੱਲੋਂ ਮੁੱਖ ਆਰੋਪੀਆਂ ਨੂੰ ਕਾਬੂ

19 Mar, 2026 03:45 PM

ਚੰਡੀਗੜ੍ਹ ਦੇ ਸੈਕਟਰ-9 ਵਿੱਚ ਹੋਏ ਪ੍ਰਾਪਰਟੀ ਡੀਲਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਮੁਲਜ਼ਮਾਂ ਨੂੰ ਕੈਥਲ ਵਿੱਚ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ ਹੈ। ਇਸ ਮੁਕਾਬਲੇ ਦੌਰਾਨ ਦੋਵੇਂ ਮੁਲਜ਼ਮ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਇਹ ਕਾਰਵਾਈ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਕੀਤੀ ਗਈ। ਪੁਲਿਸ ਦੇ ਅਨੁਸਾਰ, ਗ੍ਰਿਫ਼ਤਾਰੀ ਦੌਰਾਨ ਮੁਲਜ਼ਮਾਂ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ, ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਗਈ। ਇਸ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਉਨ੍ਹਾਂ ਕੋਲੋਂ ਕਤਲ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਹਥਿਆਰ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਨ ਉਰਫ਼ ਪੀਯੂਸ਼ ਪਹਿਲਵਾਨ, ਨਿਵਾਸੀ ਫ਼ਿਰੋਜ਼ਪੁਰ, ਅਤੇ ਪ੍ਰੀਤਮ ਸ਼ਾਹ, ਨਿਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਰਾਜਨ ਕੁਝ ਸਮਾਂ ਪਹਿਲਾਂ ਮਲੇਸ਼ੀਆ ਤੋਂ ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਾਪਸ ਆਇਆ ਸੀ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ-9 ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਦੀ ਪਛਾਣ ਚੀਨੀ ਕੁਬਾਹੇਰੀ (31) ਵਜੋਂ ਹੋਈ। ਉਹ ਜਿਮ ਤੋਂ ਨਿਕਲ ਕੇ ਆਪਣੀ ਗੱਡੀ ਵਿੱਚ ਬੈਠ ਰਿਹਾ ਸੀ, ਜਦੋਂ ਬਾਈਕ ਸਵਾਰ ਦੋ ਹਮਲਾਵਰਾਂ ਨੇ ਉਸ ‘ਤੇ ਤਾਬੜਤੋੜ ਕਰੀਬ 12 ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਤੋਂ ਬਾਅਦ ਉਹ ਡਰਾਈਵਿੰਗ ਸੀਟ ‘ਤੇ ਹੀ ਡਿੱਗ ਗਿਆ। ਮੌਕੇ ‘ਤੇ ਮੌਜੂਦ ਉਸਦੇ ਸਾਥੀਆਂ ਨੇ ਉਸਨੂੰ ਤੁਰੰਤ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਗੰਭੀਰ ਜ਼ਖ਼ਮਾਂ ਕਾਰਨ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

Posted By: Daily Suraj Bureau

Latest News