Daily Suraj

ਪੰਜਾਬੀ

ਸਿੱਖ ਇਤਿਹਾਸ ਤੇ ਸ਼ਹੀਦਾਂ ਦੀ ਸ਼ਹਾਦਤ: ਆਰ.ਐਮ.ਪੀ.ਆਈ. ਨੇ ਕਰਵਾਇਆ ਵਿਸ਼ੇਸ਼ ਸੈਮੀਨਾਰ

02 Jan, 2026 03:18 PM

"ਸ਼੍ਰੀ ਗੁਰੂ ਤੇਗ਼ ਬਹਾਦਰ, ਚਾਰ ਸਾਹਿਬਜ਼ਾਦੇ ਅਤੇ ਹੋਰ ਸਿੱਖ ਸ਼ਹੀਦ ਸਾਡੇ ਰਾਹ ਦਿਸੇਰੇ -ਪਾਸਲਾ 
ਲੁੱਟ-ਖਸੁੱਟ,ਜਬਰ-ਵਿਤਕਰੇ,ਕੱਟੜਤਾ ਤੋਂ ਮੁਕਤ ਸਮਾਜ ਸਿਰਜਣ ਲਈ ਜੂਝੋ -ਮਹੀਪਾਲ 
ਫਗਵਾੜਾ ਕਿਸੇ ਵੀ ਦੇਸ਼-ਖਿੱਤੇ ਦੀ ਕਮਿਊਨਿਸਟ ਲਹਿਰ, ਉੱਥੋਂ ਦੀਆਂ ਅਤੀਤ ਦੀਆਂ ਲੋਕ ਪੱਖੀ ਲਹਿਰਾਂ ਅਤੇ ਬੀਤੇ ਦੇ ਮਹਾਨ ਰਹਿਬਰਾਂ ਤੇ ਜੰਗਜੂਆਂ ਤੋਂ ਪ੍ਰੇਰਣਾ ਲੈ ਕੇ ਹੀ ਸਮਾਜਿਕ ਪਰਿਵਰਤਣ ਦੀ ਇਤਿਹਾਸਕ ਜਦੋਜਹਿਦ ਦੀ ਸਫਲਤਾ ਪੂਰਵਕ ਅਗਵਾਈ ਕਰਨ ਦੇ ਯੋਗ ਬਣ ਸਕਦੀ ਹੈ। ਇਸ ਪੱਖੋਂ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਨ ਰਹਿਬਰ, ਬੀਤੇ ਦੀਆਂ ਯੁਗ ਪਲਟਾਊ ਲਹਿਰਾਂ ਦੇ ਮਹਾਨ ਜਰਨੈਲ, ਗ਼ਦਰੀ ਸੂਰਬੀਰ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਸਾਡੇ ਪ੍ਰੇਰਣਾ ਸਰੋਤ ਅਤੇ ਮਾਰਗ ਦਰਸ਼ਕ ਹਨ।" ਇਹ ਸ਼ਬਦ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਵਲੋਂ ਇਥੋਂ ਦੇ ਸ਼੍ਰੀ ਹਨੂੰਮਾਨ ਮੰਦਰ ਵਿਖੇ ਸੱਦੇ ਗਏ ਪ੍ਰਭਾਵਸ਼ਾਲੀ ਸੈਮੀਨਾਰ ਵਿਚ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ। ਸਾਥੀ ਪਾਸਲਾ ਨੇ ਕਿਹਾ ਕਿ ਤਿਆਗ ਦੀ ਬੇਮਿਸਾਲ ਗਾਥਾ ਲਿਖਣ ਵਾਲੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ, ਸਰਬੰਸ ਦਾਨੀ ਦਸ਼ਮੇਸ਼ ਪਿਤਾ, ਉਨ੍ਹਾਂ ਦੇ ਚਾਰੇ ਹੋਣਹਾਰ ਸਪੁੱਤਰਾਂ ਅਤੇ ਮੁਗ਼ਲ ਕਾਲ ਦੇ ਬੇਸ਼ੁਮਾਰ ਸਿੱਖ ਸ਼ਹੀਦਾਂ ਨੇ ਕਿਸੇ ਵਿਸ਼ੇਸ਼ ਧਰਮ ਦੇ ਖਿਲਾਫ, ਕਿਸੇ ਹੋਰ ਵਿਸ਼ੇਸ਼ ਧਰਮ ਦੀ ਰਾਖੀ ਲਈ ਸ਼ਹਾਦਤ ਨਹੀਂ ਸੀ ਦਿੱਤੀ। ਬਲਕਿ ਧਾਰਮਿਕ ਆਜ਼ਾਦੀਆਂ, ਮਨੁੱਖੀ ਅਧਿਕਾਰਾਂ ਤੇ ਸਾਂਝੀਵਾਲਤਾ ਦੀ ਰਾਖੀ ਲਈ ਅਤੇ ਲੁੱਟ-ਖਸੁੱਟ, ਜਬਰ-ਵਿਤਕਰੇ, ਹਨੇਰੇਬਿਰਤੀਵਾਦ ਤੇ ਕੱਟੜਤਾ ਤੋਂ ਮੁਕਤ ਸਮਾਜ ਸਿਰਜਣ ਲਈ ਕੁਰਬਾਨ ਹੋਣ ਦੀ ਸ਼ਾਨਾਮੱਤੀ ਪਿਰਤ ਪਾਈ ਸੀ। ਉਨ੍ਹਾਂ ਦਾ ਯੁੱਧ ਕਿਸੇ ਵਿਸ਼ੇਸ਼ ਧਰਮ, ਰੰਗ, ਨਸਲ, ਜਾਤ, ਖਿੱਤੇ ਦੇ ਹੁਕਮਰਾਨਾਂ ਦੇ ਖਿਲਾਫ ਨਾ ਹੋ ਕੇ ਜ਼ਾਲਿਮ ਸਥਾਪਤੀ ਦੇ ਖੂਨੀ ਪੰਜਿਆਂ ਤੋਂ ਕਿਰਤੀ ਜਨ ਸਮੂਹਾਂ ਦੀ ਸਦੀਵੀ ਮੁਕਤੀ ਦਾ ਮਾਨਵੀ ਸੰਗਰਾਮ ਸੀ। ਸਾਥੀ ਪਾਸਲਾ ਨੇ ਕਿਹਾ ਕਿ ਸਿੱਖ ਫਲਸਫੇ ਦੇ ਮਾਨਵੀ ਸਰੋਕਾਰਾਂ ਨੂੰ ਪ੍ਰਣਾਏ ਸਿਰਲੱਥ ਸ਼ਹੀਦਾਂ ਦੀ ਤਿਆਗ ਦੀ ਇਸ ਬੇਜੋੜ ਭਾਵਨਾ ਅਤੇ ਸਾਂਝੀਵਾਲਤਾ ਦੇ ਉਨ੍ਹਾਂ ਦੇ ਮਹਾਨ ਜਜ਼ਬੇ ਦਾ ਸੁਵੱਲਾ ਪ੍ਰਭਾਵ ਸੁਤੰਤਰਤਾ ਸੰਗਰਾਮ ਦੌਰਾਨ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਸੀ। ਇਸ ਦਾ ਪ੍ਰਗਟਾਵਾ ਗ਼ਦਰ ਪਾਰਟੀ ਦੇ ਦਸਤਾਵੇਜ਼ਾਂ, ਜਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਲਿਖਤਾਂ ਤੋਂ ਬਾਖੂਬੀ ਹੁੰਦਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ‘ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਹਿੰਦੂ ਧਰਮ ਦੀ ਰਾਖੀ ਲਈ ਸ਼ੀਸ ਵਾਰਨ" ਦਾ ਇਕ ਪਾਸੜ ਤੇ ਖੋਟਾ ਬਿਰਤਾਂਤ ਜਨ ਸਮੂਹਾਂ ਦੀ ਜਮਾਤੀ ਏਕਤਾ ਅਤੇ ਫਿਰਕੂ ਇਕਸੁਰਤਾ ਤੋਂ ਭੈਅਭੀਤ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਲੋਟੂ ਹਿਤਾਂ ਦੀਆਂ ਪਹਿਰਾਬਰਦਾਰ, ਆਰ.ਐਸ.ਐਸ. ਦੀ ਅਗਵਾਈ ਹੇਠਲੀਆਂ ਫਿਰਕੂ-ਵੰਡਵਾਦੀ, ਹਿੰਦੂਤਵੀ-ਮਨੂੰਵਾਦੀ ਤਾਕਤਾਂ ਵਲੋਂ ਕਿਰਤੀ ਜਨ ਸਮੂਹਾਂ 'ਚ ਵੰਡੀਆਂ ਪਾਉਣ ਦੀ ਸਾਜਿਸ਼ ਤਹਿਤ ਘੜਿਆ ਜਾ ਰਿਹਾ ਹੈ। ਉਨ੍ਹਾਂ ਹੋਰ ਸਪਸ਼ਟਤਾ ਨਾਲ ਕਿਹਾ ਕਿ ‘ਹਿੰਦੂ ਧਰਮ ਦੀ ਰਾਖੀ ਲਈ ਸ਼ਹੀਦ ਹੋਣ' ਦਾ ਕੂੜ ਪ੍ਰਚਾਰ ਉਹੀ ਸਵਾਰਥੀ ਤੱਤ ਕਰ ਰਹੇ ਹਨ, ਜੋ ਅਜੋਕੀ ਹਰ ਬੁਰਾਈ ਲਈ ਇਸਲਾਮ ਧਰਮ ਤੇ ਇਸ ਦੇ ਪੈਰੋਕਾਰਾਂ ਨੂੰ ਦੋਸ਼ੀ ਠਹਿਰਾਉਂਦੇ ਹਨ। ਇੰਝ ਇਹ ਅਧਰਮੀ ਟੋਲੇ ਕਿਰਤੀ ਜਨ ਸਮੂਹਾਂ ਦੀ ਮੰਦਹਾਲੀ ਦੇ ਕਸੂਰਵਾਰ ਲੋਟੂ ਵਰਗਾਂ, ਖਾਸ ਕਰਕੇ ਸਾਮਰਾਜੀ ਧਾੜਵੀਆਂ ਅਤੇ ਪੂੰਜੀਪਤੀ-ਜਗੀਰੂਆਂ ਨੂੰ ਸਾਫ ਬਰੀ ਕਰਦੇ ਹਨ ਅਤੇ ਲੁਟੇਰਾ ਜਮਾਤੀ ਰਾਜ-ਪ੍ਰਬੰਧ ਹਮੇਸ਼ਾ ਕਾਇਮ ਰੱਖਣ ਲਈ ਭਾਈਚਾਰਿਆਂ 'ਚ ਦਰਾੜ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਡਾਢੇ ਦੁੱਖ ਦੀ ਗੱਲ ਹੈ ਆਰ.ਐਸ.ਐਸ., ਭਾਜਪਾ ਤੇ ਏਜੰਸੀਆਂ ਦੇ ਹੱਥਾਂ 'ਚ ਖੇਡ ਰਹੇ ਸਿੱਖਾਂ ਵਿਚਲੇ ਕੱਟੜਪੰਥੀ ਤੱਤ ਨਾ ਕੇਵਲ ਹਿੰਦੂ-ਸਿੱਖ ਦਾ ਪਾੜਾ ਖੜ੍ਹਾ ਕਰ ਰਹੇ ਹਨ, ਬਲਕਿ ਰੋਜ਼ੀ-ਰੋਟੀ ਦੀ ਭਾਲ 'ਚ ਦੂਜੇ ਪ੍ਰਾਂਤਾਂ ਤੋਂ ਆਏ ਅੰਤਰਰਾਜੀ ਕਿਰਤੀਆਂ ਖਿਲਾਫ਼ ਵੀ ਨਫ਼ਰਤੀ ਬਿਰਤਾਂਤ ਸਿਰਜ ਰਹੇ ਹਨ। ਇਹੀ ਤੱਤ ਮਿਹਨਤੀ ਵਰਗਾਂ ਦੀ ਜਮਾਤੀ ਏਕਤਾ ਭੰਗ ਕਰਨ ਅਤੇ ਕਿਰਤੀ ਜਨ ਸਮੂਹਾਂ ਨੂੰ ਗੁਰਬਾਣੀ ਦੇ ਮਾਨਵੀ ਸਰੋਕਾਰਾਂ ਤੋਂ ਬੇਮੁੱਖ ਕਰਨ ਲਈ ਸਿੱਖ ਬਨਾਮ ਕਾਮਰੇਡ ਦਾ ਫਰਜੀ ਝਗੜਾ ਵੀ ਖੜ੍ਹਾ ਕਰ ਰਹੇ ਹਨ। 
ਸਾਥੀ ਪਾਸਲਾ ਨੇ ਕਿਹਾ ਕਿ ਸਿੱਖ ਰਹਿਬਰਾਂ ਦੀਆਂ ਸ਼ਹਾਦਤਾਂ ਸਮੁੱਚੇ ਮਿਹਨਤਕਸ਼ਾਂ ਦੀ ਏਕਤਾ ਕਾਇਮ ਕਰਦੇ ਹੋਏ ਲੁੱਟ-ਚੋਂਘ, ਜਬਰ ਵਿਤਕਰੇ ਤੋਂ ਮੁਕਤੀ ਲਈ ਅਤੇ ਭਾਈ ਲਾਲੋਆਂ ਭਾਵ ਸੱਚੀ-ਸੁੱਚੀ ਕਿਰਤ ਕਰਨ ਵਾਲੇ ਮਿਹਨਤਕਸ਼ਾਂ ਦਾ ਰਾਜ ਯਾਨਿ ਬੇਗ਼ਮਪੁਰਾ ਸਿਰਜਨ ਲਈ ਜੂਝਣ ਦੀ ਪ੍ਰੇਰਣਾ ਦਿੰਦੀਆਂ ਹਨ। ਨਾਲ ਹੀ ਇਸਤਰੀ-ਪੁਰਸ਼ ਦੀ ਹਕੀਕੀ ਬਰਾਬਰੀ ਕਾਇਮ ਕਰਨ, ਜਾਤੀ-ਪਾਤੀ ਜਬਰ ਤੇ ਵਿਤਕਰੇ ਦਾ ਫਸਤਾ ਵੱਢਣ ਅਤੇ ਹਰ ਕਿਸਮ ਦੀ ਕੱਟੜਤਾ ਤੇ ਵੇਲਾ ਵਿਹਾ ਚੁੱਕੀ ਸੋਚ ਤੇ ਪ੍ਰੰਪਰਾਵਾਂ ਤੋਂ ਖਹਿੜਾ ਛੁਡਾਉਣ ਦਾ ਸ਼ਕਤੀਸ਼ਾਲੀ ਪੈਗ਼ਾਮ ਦਿੰਦੀਆਂ ਹਨ 
ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕਿਹਾ ਕਿ ਭਾਰਤੀ ਕਿਰਤੀਆਂ ਨੂੰ ਗਰੀਬ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਤੇ ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਕਰਨ ਵਾਲੇ ਸਾਮਰਾਜੀ ਧਾੜਵੀਆਂ, ਭਾਰਤ ਦੀਆਂ ਆਮਦਨਾਂ, ਜਾਇਦਾਦਾਂ ‘ਤੇ ਦੱਬਾ ਮਾਰੀ ਬੈਠੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਤੇ ਨਵ ਧਨਾਢਾਂ ਦੀ ਅਜੋਕੇ ਮਲਕ ਭਾਗੋਆਂ ਵਜੋਂ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਅਤਿਅੰਤ ਮੰਦਭਾਗੀ ਗੱਲ ਹੈ ਕਿ ਬਸਤੀਵਾਦੀ ਅੰਗ੍ਰੇਜ਼ ਹਾਕਮਾਂ ਦੇ ਹੁਕਮਾਂ ਤਹਿਤ ਸੁਤੰਤਰਤਾ ਸੰਗਰਾਮ ਦੀ ਪਿੱਠ ‘ਚ ਛੁਰਾ ਮਾਰਨ ਵਾਲਾ 'ਰਾਸ਼ਟਰੀ ਸੋਇਮ ਸੇਵਕ ਸੰਘ' (ਆਰ.ਐਸ.ਐਸ.), ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੋ ਚੁੱਕਿਆ ਹੈ। ਮਹੀਪਾਲ ਨੇ ਕਿਹਾ ਕਿ ਸੰਘੀ ਟੋਲੇ ਦੇਸ਼ ਦੀ ਮੁਸਲਿਮ ਤੇ ਈਸਾਈ ਘੱਟ ਗਿਣਤੀ ਵਸੋਂ, ਸਦੀਆਂ ਤੋਂ ਲੁੱਟੇ-ਲਤਾੜੇ ਦਲਿਤਾਂ, ਸ੍ਰਿਸ਼ਟੀ ਦੀਆਂ ਸਿਰਜਣਹਾਰ ਔਰਤਾਂ, ਆਦਿਵਾਸੀਆਂ ਅਤੇ ਵਸੋਂ ਦੇ ਹੋਰ ਲੁੱਟੇ-ਲਤਾੜੇ ਭਾਗਾਂ ਖਿਲਾਫ਼ ਅੱਜ ਉਹੀ ਜ਼ੁਲਮ ਕਮਾ ਰਹੇ ਹਨ, ਜੋ ਆਪਣੀ ਚੜ੍ਹਤ ਦੇ ਦੌਰ ‘ਚ ਐਰੰਗਜੇਬ ਨੇ ਕਮਾਏ ਸਨ। ਉਨ੍ਹਾਂ ਕਿਹਾ ਕਿ ਅਜੋਕੇ ਹੁਕਮਰਾਨ ਤੇ ਉਨ੍ਹਾਂ ਦੇ ਨਾਗਪੁਰੀ ਆਕਾ ਦੇਸ਼ ਦੇ ਮੌਜੂਦਾ ਸੰਵਿਧਾਨ ਤੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਅਤੇ ਸੁਤੰਤਰਤਾ ਸੰਗਰਾਮ ਦੌਰਾਨ ਤੇ ਉਸ ਤੋਂ ਪਹਿਲਾਂ ਕਾਇਮ ਹੋਈਆਂ ਸਾਰੀਆਂ ਨਰੋਈਆਂ ਪ੍ਰੰਪਰਾਵਾਂ ਤਬਾਹ ਕਰੀ ਜਾ ਰਹੇ ਹਨ। ਸਾਂਝੀਵਾਲਤਾ, ਜਮਹੂਰੀਅਤ ਤੇ ਨਿਆਂ ਦਾ ਰਾਜ ਚਾਹੁਣ ਵਾਲਿਆਂ ਨੂੰ ਆਰ.ਐਸ.ਐਸ. ਦੀ ਸੂਝ ਤੇ ਸੇਧ ਅਨੁਸਾਰ ਰਾਜ-ਭਾਗ ਚਲਾ ਰਹੀ ਮੋਦੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਨ ਦਾ ਮਾਨਵੀ ਯੁਧ ਲੜਨਾ ਚਾਹੀਦਾ ਹੈ। ਇਸ ਤੋਂ ਸਮੂਹ ਭਾਰਤੀ ਲੋਕਾਂ ਨੂੰ ਤਾਨਾਸ਼ਾਹੀ ਤਰਜ ਦਾ, ਧਰਮ ਆਧਾਰਿਤ, ਕੱਟੜ-ਪਿਛਾਖੜੀ, ਹਿੰਦਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦੇ ਆਰ.ਐਸ.ਐਸ. ਦੇ ਘਾਤਕ ਏਜੰਡੇ ਨੂੰ ਭਾਂਜ ਦੇਣ ਲਈ ਲੋਕ ਘੋਲਾਂ ਦੇ ਪਿੜ ਮੱਲਣੇ ਚਾਹੀਦੇ ਹਨ। ਭਾਰਤੀ ਆਵਾਮ, ਖਾਸ ਕਰਕੇ ਕਿਰਤੀ ਵਰਗਾਂ ਲਈ ਲਾਸਾਨੀ ਸਿੱਖ ਸ਼ਹਾਦਤਾਂ ਦਾ ਅਜੋਕੇ ਸਮੇਂ ਇਹੋ ਮਹੱਤਵ ਹੈ।
“ਸ਼੍ਰੀ ਗੁਰੂ ਤੇਗ਼ ਬਹਾਦਰ, ਚਾਰ ਸਾਹਿਬਜ਼ਾਦਿਆਂ ਅਤੇ ਲਾਸਾਨੀ ਸਿੱਖ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਦਾ ਅਜੋਕਾ ਮਹੱਤਵ" ਵਿਸ਼ੇ ਅਧੀਨ ਸੱਦੇ ਗਏ ਉਕਤ ਸੈਮੀਨਾਰ ਦੀ ਪ੍ਰਧਾਨਗੀ ਕਮਿਊਨਿਸਟ ਲਹਿਰ ਦੇ ਬਜੁਰਗ ਰਹਿਬਰ ਸਾਥੀ ਧੰਨਾ ਸਿੰਘ ਟਾਹਲੀਆਂ, ਆਤਮਾ ਰਾਮ ਸਰਦੂਲਗੜ੍ਹ, ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਜਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਅਦਾ ਕੀਤੇ। ਅਮਰੀਕ ਸਿੰਘ ਫਫੜੇ, ਗੁਰਦੇਵ ਸਿੰਘ ਲੋਹਗੜ੍ਹ, ਮਲਕੀਤ ਸਿੰਘ ਮਹਿਮਾ ਸਰਜਾ, ਡਾਕਟਰ ਕ੍ਰਿਸ਼ਨ ਕੁਮਾਰ ਉੱਪਲ, ਬੰਸੀ ਲਾਲ, ਦਰਸ਼ਨ ਸਿੰਘ, ਮਾਸਟਰ ਹਰਜੰਟ ਸਿੰਘ, ਜੋਗਿੰਦਰ ਪਾਲ ਸ਼ਰਮਾ ਵੀ ਮੌਜੂਦ ਸਨ। 
ਉੱਘੇ ਲੋਕ ਕਵੀ ਮਰਹੂਮ ਸਾਥੀ ਸੰਤ ਰਾਮ ਉਦਾਸੀ ਦੀ ਸਪੁੱਤਰੀ ਇਕਬਾਲ ਉਦਾਸੀ ਨੇ ਇਨਕਲਾਬੀ ਗਾਇਕੀ ਦਾ ਰੰਗ ਬੰਨ੍ਹਿਆ। ਉਭਰ ਰਹੇ ਗੀਤਕਾਰ ਤੇ ਗਾਇਕ ਕੁਲਦੀਪ ਸਿਰਸਾ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ। 
ਬੁਲਾਰਿਆਂ ਦੇ ਵਿਚਾਰ ਸੁਨਣ ਲਈ ਨਿਆਂ ਪਸੰਦ ਸ਼ਹਿਰੀ ਅਤੇ ਸੰਜੀਦਾ ਸਿਆਸੀ-ਸਮਾਜਕ ਕਾਰਕੁੰਨ ਧਾਹ ਕੇ ਪੁੱਜੇ ਅਤੇ ਵਿਚਾਰ-ਚਰਚਾ ਨੂੰ ਪੂਰੀ ਇਕਾਗਰ ਚਿੱਤ ਹੋ ਕੇ ਸੁਣਿਆ। ਹਾਜ਼ਰੀਨ ਨੇ ਪਾਰਟੀ ਦੀ ਇਸ ਵਿਲੱਖਣ ਪਹਿਲਕਦਮੀ ਦੀ ਡੱਟਵੀਂ ਸ਼ਲਾਘਾ ਵੀ ਕੀਤੀ।

Posted By: Daily Suraj Bureau

Latest News