Daily Suraj

ਪੰਜਾਬੀ

ਪਿੰਡ ਘਰਾਚੋਂ ਵਿੱਚ ਮਹਾਂ ਕੁਸ਼ਤੀ ਦੰਗਲ ਦੀ ਧੂਮ, ਜੇਤੂ ਪਹਿਲਵਾਨ ਨੂੰ ਮਿਲਿਆ ਫੋਰਡ ਟਰੈਕਟਰ

24 Feb, 2026 08:41 PM

(ਜਗਸੀਰ ਸਿੰਘ ) -ਬਾਬਾ ਫ਼ਕੀਰਾ ਦਾਸ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਪਿੰਡ ਘਰਾਚੋਂ ਵਿਖੇ ਸਰਪੰਚ ਦਲਜੀਤ ਸਿੰਘ ਘੁਮਾਣ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਅੰਤਰਰਾਸ਼ਟਰੀ ਪੱਧਰ ਦਾ ਮਹਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਸਿਆਸੀ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕਰਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਕਾਰਜ ਅਫ਼ਸਰ ਰਾਜਬੀਰ ਸਿੰਘ ਘੁਮਾਣ ਅਤੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਸੁਖਵੀਰ ਸਿੰਘ ਸੁੱਖੀ ਨੇ ਜੇਤੂ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ। ਸਮਾਗਮ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਰਾਹੁਲ ਚਾਂਬਾ, ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਖ-ਵੱਖ ਅਦਾਰਿਆਂ ਦੇ ਪ੍ਰਧਾਨ ਵੀ ਹਾਜ਼ਰ ਰਹੇ। ਇਸ ਦੰਗਲ ਦੀ ਖਾਸੀਅਤ ਇਹ ਰਹੀ ਕਿ ਪਹਿਲੀ ਝੰਡੀ ਦੀ ਕੁਸ਼ਤੀ ਜਿੱਤਣ ਵਾਲੇ ਪਹਿਲਵਾਨ ਨੂੰ ਫੋਰਡ ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਨਾ ਸਿਰਫ਼ ਭਾਰਤ ਬਲਕਿ ਇਰਾਨ ਦੇ ਨਾਮੀ ਪਹਿਲਵਾਨਾਂ ਨੇ ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਰੰਗ ਬਿਖੇਰਦਿਆਂ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਆਪਣੇ ਅਖਾੜੇ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਹ ਕੁਸ਼ਤੀ ਦੰਗਲ 23 ਫਰਵਰੀ ਨੂੰ ਅੱਚੋਵਾਲ ਦੀ ਧਰਤੀ 'ਤੇ ਵੀ ਕਰਵਾਇਆ ਗਿਆ, ਜਿਸ ਵਿੱਚ ਬਹੁਤ ਉੱਚ ਕੋਟੀ ਦੇ ਪਹਿਲਵਾਨਾਂ ਨੇ ਹਿੱਸਾ ਲੈ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਦੋਵਾਂ ਥਾਵਾਂ 'ਤੇ ਵੱਡੀ ਗਿਣਤੀ ਵਿੱਚ ਪਹੁੰਚੇ ਖੇਡ ਪ੍ਰੇਮੀਆਂ ਨੇ ਪੰਜਾਬ ਦੀ ਇਸ ਪੁਰਾਤਨ ਖੇਡ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ।

Posted By: Daily Suraj Bureau

Latest News