Daily Suraj

ਪੰਜਾਬੀ

ਸਹਿਕਾਰੀ ਸਭਾ ਹਰਦਿੱਤਪੁਰਾ ਦੇ ਮੁਅੱਤਲ ਸਕੱਤਰ ਖ਼ਿਲਾਫ਼ 9.77 ਲੱਖ ਰੁਪਏ ਦੇ ਗ਼ਬਨ ਦਾ ਕੇਸ ਦਰਜ

25 Jul, 2026 06:38 PM

ਨੇੜਲੇ ਪਿੰਡ ਹਰਦਿੱਤਪੁਰਾ ਦੀ ਮਲਟੀਪਰਪਜ਼ ਕੋਆਪ੍ਰੇਟਿਵ ਸਹਿਕਾਰੀ ਸਭਾ ਵਿੱਚ ਕਥਿਤ ਗ਼ਬਨ ਦੇ ਮਾਮਲੇ ਵਿੱਚ ਮੁਅੱਤਲ ਸਕੱਤਰ ਕਿਰਨਪ੍ਰੀਤ ਸਿੰਘ ਵਾਸੀ ਭਵਾਨੀਗੜ੍ਹ ਖ਼ਿਲਾਫ਼ 9 ਲੱਖ 77 ਹਜ਼ਾਰ 761 ਰੁਪਏ ਦੇ ਗ਼ਬਨ ਦੇ ਦੋਸ਼ ਹੇਠ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਹਾਇਕ ਰਜਿਸਟਰਾਰ, ਸੰਗਰੂਰ ਰਾਜ ਪੁਰੋਹਿਤ ਵੱਲੋਂ ਐੱਸਐੱਸਪੀ ਸੰਗਰੂਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਹਰਦਿੱਤਪੁਰਾ ਸਹਿਕਾਰੀ ਸਭਾ ਦੇ ਸਕੱਤਰ ਕਿਰਨਪ੍ਰੀਤ ਸਿੰਘ ਖ਼ਿਲਾਫ਼ ਕਿਸਾਨਾਂ ਵੱਲੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਭਾਗ ਨੇ ਨਿਰੀਖਕ ਸਹਿਕਾਰੀ ਸਭਾਵਾਂ ਸੁਪਿੰਦਰ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ। ਜਾਂਚ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਰਿਪੋਰਟ ਵਿਭਾਗ ਨੂੰ ਭੇਜੀ। ਰਿਪੋਰਟ ਦੇ ਆਧਾਰ 'ਤੇ ਚਿਰਾਗ ਗਰਗ ਨਿਰੀਖਕ ਸਹਿਕਾਰੀ ਸਭਾਵਾਂ ਸਮੇਤ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਨੇ ਹਰਦਿੱਤਪੁਰਾ ਸਹਿਕਾਰੀ ਸਭਾ ਦੇ ਕਿਸਾਨ ਮੈਂਬਰਾਂ ਦੇ ਖਾਤਿਆਂ ਅਤੇ ਲੈਣ-ਦੇਣ ਦੀ ਵਿਸਥਾਰ ਨਾਲ ਜਾਂਚ ਕੀਤੀ। ਜਾਂਚ ਦੌਰਾਨ ਸਭਾ ਦੇ 20 ਮੈਂਬਰਾਂ ਨੇ ਕਮੇਟੀ ਨੂੰ ਦੱਸਿਆ ਕਿ ਉਨ੍ਹਾਂ ਨੇ ਸਭਾ ਤੋਂ ਲਏ ਕਰਜ਼ੇ ਅਤੇ ਵਿਆਜ ਦੀ ਰਕਮ ਸਕੱਤਰ ਕਿਰਨਪ੍ਰੀਤ ਸਿੰਘ ਕੋਲ ਜਮ੍ਹਾਂ ਕਰਵਾਈ ਸੀ ਅਤੇ ਇਸ ਦੀਆਂ ਰਸੀਦਾਂ ਵੀ ਪ੍ਰਾਪਤ ਕੀਤੀਆਂ ਸਨ। ਹਾਲਾਂਕਿ, ਜਾਂਚ ਵਿੱਚ ਸਾਹਮਣੇ ਆਇਆ ਕਿ ਕਿਸਾਨਾਂ ਤੋਂ ਵਸੂਲੇ ਗਏ 9,77,761 ਰੁਪਏ ਨਾ ਤਾਂ ਸਭਾ ਦੇ ਰਿਕਾਰਡ ਰਜਿਸਟਰ ਵਿੱਚ ਦਰਜ ਕੀਤੇ ਗਏ ਅਤੇ ਨਾ ਹੀ ਕੋਆਪ੍ਰੇਟਿਵ ਬੈਂਕ ਵਿੱਚ ਜਮ੍ਹਾਂ ਕਰਵਾਏ ਗਏ। ਇਸ ਸਬੰਧੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਸੌਂਪ ਦਿੱਤੀ। ਰਿਪੋਰਟ ਮਿਲਣ ਤੋਂ ਬਾਅਦ ਸਹਿਕਾਰੀ ਸਭਾ ਹਰਦਿੱਤਪੁਰਾ ਦੀ ਪ੍ਰਬੰਧਕੀ ਕਮੇਟੀ ਨੇ ਕਿਰਨਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਸਬੰਧੀ ਮਤਾ ਵੀ ਪਾਸ ਕੀਤਾ। ਇਸ ਤੋਂ ਬਾਅਦ ਸਹਾਇਕ ਰਜਿਸਟਰਾਰ ਰਾਜ ਪੁਰੋਹਿਤ ਨੇ ਐੱਸਐੱਸਪੀ ਸੰਗਰੂਰ ਨੂੰ ਪ੍ਰਬੰਧਕੀ ਕਮੇਟੀ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ। ਐੱਸਐੱਸਪੀ ਸੰਗਰੂਰ ਨੇ 2 ਜੁਲਾਈ ਨੂੰ ਡੀਐੱਸਪੀ ਭਵਾਨੀਗੜ੍ਹ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਲਿਖਤੀ ਹਦਾਇਤਾਂ ਜਾਰੀ ਕੀਤੀਆਂ। ਡੀਐੱਸਪੀ ਦੀਆਂ ਹਦਾਇਤਾਂ ਤੋਂ ਬਾਅਦ ਥਾਣਾ ਭਵਾਨੀਗੜ੍ਹ ਵਿੱਚ 12 ਜੁਲਾਈ ਨੂੰ ਕਿਰਨਪ੍ਰੀਤ ਸਿੰਘ ਖ਼ਿਲਾਫ਼ ਗ਼ਬਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਗਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁਅੱਤਲ ਸਕੱਤਰ ਕਿਰਨਪ੍ਰੀਤ ਸਿੰਘ ਇਸ ਸਮੇਂ ਭਵਾਨੀਗੜ੍ਹ ਤੋਂ ਬਾਹਰ ਰਹਿ ਰਿਹਾ ਹੈ, ਪਰ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Posted By: Daily Suraj Bureau

Latest News