ਨੋਵਾ ਸਕੋਸ਼ੀਆ ਤੂਫ਼ਾਨ: 30 ਸੈਂਟੀਮੀਟਰ ਤੱਕ ਬਰਫ਼, ਬਿਜਲੀ ਸਪਲਾਈ ਪ੍ਰਭਾਵਿਤ
ਨੋਵਾ ਸਕੋਸ਼ੀਆ ਵਿੱਚ ਆਏ ਭਾਰੀ ਬਰਫ਼ੀਲੇ ਤੂਫ਼ਾਨ ਨੇ ਸੂਬੇ ਭਰ ਵਿੱਚ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਵਿੱਚ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਸਕੂਲ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ।ਮੌਸਮ ਵਿਭਾਗ ਵੱਲੋਂ ਅਗਾਹ ਕੀਤਾ ਗਿਆ ਸੀ ਕਿ ਜ਼ਿਆਦਾਤਰ ਇਲਾਕਿਆਂ ਵਿੱਚ 15 ਤੋਂ 25 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ, ਜਦਕਿ ਕੁਝ ਖੇਤਰਾਂ ਵਿੱਚ 30 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਦੱਸੀ ਗਈ ਸੀ। ਪੁਲਿਸ ਨੇ ਦੱਸਿਆ ਕਿ ਹੈਲੀਫ਼ੈਕਸ ਵਿੱਚ ਹਾਈਵੇਅ 118 ਦਾ ਇੱਕ ਹਿੱਸਾ ਬੰਦ ਕੀਤਾ ਗਿਆ ਹੈ ਅਤੇ ਹਾਈਵੇਅ 104 ਤੇ 102 ‘ਤੇ ਕਈ ਸੜਕ ਹਾਦਸੇ ਹੋਣ ਕਾਰਨ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।ਬਰਫ਼ੀਲੇ ਤੂਫ਼ਾਨ ਕਾਰਨ ਡਲਹੌਜ਼ੀ, ਮਾਊਂਟ ਸੇਂਟ ਵਿਨਸੈਂਟ ਅਤੇ ਸੇਂਟ ਮੈਰੀਜ਼ ਯੂਨੀਵਰਸਿਟੀਆਂ ਦੇ ਕੈਂਪਸ ਵੀ ਬੰਦ ਰਹੇ। ਨੋਵਾ ਸਕੋਸ਼ੀਆ ਪਾਵਰ ਮੁਤਾਬਕ, ਬਿਜਲੀ ਦੀਆਂ ਲਾਈਨਾਂ ‘ਤੇ ਡਿੱਗੇ ਦਰੱਖਤਾਂ ਅਤੇ ਟਾਹਣੀਆਂ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਸਵੇਰੇ 11:39 ਵਜੇ ਤੱਕ ਲਗਭਗ 93,000 ਲੋਕ ਬਿਜਲੀ ਤੋਂ ਵਾਂਝੇ ਸਨ।ਸੂਬਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਰਫ਼ੀਲੇ ਹਾਲਾਤ ਵਿੱਚ ਘਰੋਂ ਬਾਹਰ ਨਿਕਲਣ ਤੋਂ ਬਚਣ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜਨਤਾ ਨੂੰ ਬਿਜਲੀ ਦੀਆਂ ਲਾਈਨਾਂ ‘ਤੇ ਡਿੱਗੇ ਦਰੱਖਤਾਂ ਅਤੇ ਹਾਈਵੇਅ ਹਾਦਸਿਆਂ ਤੋਂ ਦੂਰ ਰਹਿਣ ਦੀ ਵੀ ਚੇਤਾਵਨੀ ਕੀਤੀ ਗਈ ਹੈ।
Posted By: Daily Suraj Bureau