ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਲੰਬੋ 'ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਕੀਤੀ ਅਹਿਮ ਮੁਲਾਕਾਤ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਤਿੰਨ ਦਿਨਾਂ ਸ਼੍ਰੀਲੰਕਾ ਦੌਰੇ ਦੌਰਾਨ ਬੁੱਧਵਾਰ ਨੂੰ ਕੋਲੰਬੋ ਵਿਖੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨਾਲ ਉੱਚ-ਪੱਧਰੀ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਦੋਵਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਸਰਬਪੱਖੀ ਵਿਕਾਸ, ਲੋਕਾਂ ਦੀ ਭਲਾਈ ਅਤੇ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਾਂਝੇ ਤੌਰ 'ਤੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।ਮੀਟਿੰਗ ਦੌਰਾਨ ਰੱਖਿਆ ਮੰਤਰੀ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਭੇਜੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਸੁਰੱਖਿਆ, ਸ਼ਾਂਤੀ, ਖੁਸ਼ਹਾਲੀ ਅਤੇ ਸਮੁੰਦਰੀ ਭਾਈਵਾਲੀ ਨੂੰ ਵਧਾਉਣ ਦੇ ਤਰੀਕਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਅਹਿਮ ਬੈਠਕ ਵਿੱਚ ਸ਼੍ਰੀਲੰਕਾ ਵਿਖੇ ਭਾਰਤ ਦੇ ਹਾਈ ਕਮਿਸ਼ਨਰ ਸੰਤੋਸ਼ ਝਾਅ ਅਤੇ ਹੋਰ ਪ੍ਰਮੁੱਖ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਆਪਣੀ ਇਕ ਪੋਸਟ ਸਾਂਝੀ ਕਰਦਿਆਂ ਰਾਜਨਾਥ ਸਿੰਘ ਨੇ ਦੱਸਿਆ ਕਿ ਕੋਲੰਬੋ ਵਿਖੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨਾਲ ਉਨ੍ਹਾਂ ਦੀ ਬਹੁਤ ਹੀ ਸੁਖਾਵੇਂ ਅਤੇ ਲਾਭਕਾਰੀ ਮਾਹੌਲ ਵਿੱਚ ਗੱਲਬਾਤ ਹੋਈ। ਉਨ੍ਹਾਂ ਨੇ ਸ਼੍ਰੀਲੰਕਾ ਸਰਕਾਰ ਦੇ ਸਫਲਤਾਪੂਰਵਕ ਦੋ ਸਾਲ ਪੂਰੇ ਹੋਣ 'ਤੇ ਰਾਸ਼ਟਰਪਤੀ ਨੂੰ ਵਧਾਈ ਵੀ ਦਿੱਤੀ। ਰਾਜਨਾਥ ਸਿੰਘ ਨੇ ਲਿਖਿਆ ਕਿ ਭਾਰਤ ਅਤੇ ਸ਼੍ਰੀਲੰਕਾ ਸੱਭਿਆਚਾਰਕ ਤੌਰ 'ਤੇ ਜੁੜੇ ਹੋਏ ਨਜ਼ਦੀਕੀ ਗੁਆਂਢੀ ਅਤੇ ਸਮੁੰਦਰੀ ਭਾਈਵਾਲ ਹਨ, ਜੋ ਆਪਣੇ ਲੋਕਾਂ ਦੀ ਭਲਾਈ ਅਤੇ ਖੇਤਰ ਦੀ ਸੁਰੱਖਿਆ ਲਈ ਇਕੱਠੇ ਕੰਮ ਕਰਨਾ ਜਾਰੀ ਰੱਖਣਗੇ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਲੰਬੋ ਪਹੁੰਚਣ ਤੋਂ ਬਾਅਦ ਰੱਖਿਆ ਮੰਤਰੀ ਨੇ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਖਾਸ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ 'ਸੇਤੂ' (ਪੁਲ) ਦੱਸਿਆ। ਸਿੰਘ ਨੇ ਭਰੋਸਾ ਦਿਵਾਇਆ ਕਿ ਜਦੋਂ ਵੀ ਸ਼੍ਰੀਲੰਕਾ 'ਤੇ ਕੋਈ ਸੰਕਟ ਆਵੇਗਾ, ਭਾਰਤ ਹਮੇਸ਼ਾ ਆਪਣੇ ਗੁਆਂਢੀ ਦੇਸ਼ ਦੇ ਨਾਲ ਚੱਟਾਨ ਵਾਂਗ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਦਾ ਇਹ ਤਿੰਨ ਦਿਨਾਂ ਸਰਕਾਰੀ ਦੌਰਾ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਅਤੇ ਸਮੁੰਦਰੀ ਸਹਿਯੋਗ ਨੂੰ ਨਵੀਆਂ ਉੱਚਾਈਆਂ 'ਤੇ ਲੈ ਕੇ ਜਾਣ ਦੇ ਮਕਸਦ ਨਾਲ ਆਯੋਜਿਤ ਕੀਤਾ ਗਿਆ ਹੈ। ਬੰਦਰਾਨਾਈਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਸ਼੍ਰੀਲੰਕਾ ਦੇ ਉਪ ਰੱਖਿਆ ਮੰਤਰੀ ਮੇਜਰ ਜਨਰਲ ਅਰੁਣਾ ਜਯਸ਼ੇਖਰਾ (ਸੇਵਾਮੁਕਤ) ਅਤੇ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਸੀ।ਭਾਰਤੀ ਰੱਖਿਆ ਮੰਤਰਾਲੇ ਅਨੁਸਾਰ ਇਹ ਯਾਤਰਾ ਭਾਰਤ ਦੀ 'ਗੁਆਂਢ ਪਹਿਲਾਂ' (Neighborhood First) ਨੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਦੇ 'ਮਹਾਸਾਗਰ' (MAHASAGAR) ਦ੍ਰਿਸ਼ਟੀਕੋਣ ਪ੍ਰਤੀ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਭਾਰਤ ਨੇ ਪਹਿਲਾਂ ਵੀ ਆਰਥਿਕ ਸੰਕਟ ਅਤੇ 2025 ਵਿੱਚ ਆਏ 'ਚੱਕਰਵਾਤ ਡਿਟਵਾ' ਦੌਰਾਨ ਸ਼੍ਰੀਲੰਕਾ ਨੂੰ ਤੁਰੰਤ ਮਦਦ ਪਹੁੰਚਾ ਕੇ ਆਪਣੇ ਮਜ਼ਬੂਤ ਦੁਵੱਲੇ ਸਬੰਧਾਂ ਦਾ ਸਬੂਤ ਦਿੱਤਾ ਸੀ।
Posted By: Daily Suraj Bureau