ਖੰਨਾ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਦਾ ਉਦਘਾਟਨ
- ਪੰਜਾਬ
- 06 May,2025

ਖੰਨਾ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਇਥੇ ਬੱਸ ਸਟੈਂਡ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਘੋੜੇ ਤੇ ਸਵਾਰ ਬੁੱਤ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਸ ਬੁੱਤ ਨੂੰ ਤਿਆਰ ਕਰਵਾਉਣ ਲਈ 12.50 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਨੂੰ ਮੂਰਤੀਕਾਰ ਜਸਵਿੰਦਰ ਸਿੰਘ ਮਹਿੰਦੀਪੁਰ ਵੱਲੋਂ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਸਟੈਂਡ ਦਾ ਕੰਮ ਪੁਰਾਣੀਆਂ ਸਰਕਾਰਾਂ ਸਮੇਂ ਤੋਂ ਅੱਧ-ਵਿਚਾਲੇ ਰੁਕਿਆ ਹੋਇਆ ਸੀ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਕਰਵਾ ਕੇ ਲੋਕਾਂ ਦੇ ਸਪੁਰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿਚ ਜਦੋਂ ਰਾਜਿਆਂ ਨਾਲ ਸਿੱਖਾਂ ਦੀ ਲੜਾਈਆਂ ਹੁੰਦੀਆਂ ਹਨ ਤਾਂ ਉਸ ਸਮੇਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਬਘੇਲ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਮਿਲ ਕੇ ਦਿੱਲੀ ਫਤਹਿ ਕੀਤੀ ਸੀ। ਇਨ੍ਹਾਂ ਨਾਲ 30 ਹਜ਼ਾਰ ਸਿੰਘਾਂ ਦਾ ਜੱਥਾ ਗਿਆ ਸੀ ਜਿੱਥੇ ਤੀਸ ਹਜ਼ਾਰੀ ਕੋਟ ਵੀ ਬਣੀ ਹੋਈ ਹੈ।
ਇਸ ਲਈ ਇਨ੍ਹਾਂ ਮਹਾਨ ਜਰਨੈਲਾਂ ਦੀ ਯਾਦ ਵਿਚ ਇਸ ਖੰਨਾ ਦੇ ਬੱਸ ਸਟੈਂਡ ਦਾ ਨਾਂਅ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਮਿਸਲਾਂ ਆਪੋਂ ਆਪਣਾ ਕੰਮ ਦੇਖਦੀਆਂ ਸਨ ਪਰ ਜਦੋਂ ਕਦੇ ਵੀ ਪੰਜਾਬ ਦੀ ਗੱਲ ਆਉਂਦੀ ਸੀ ਤਾਂ ਸਾਰੀਆਂ ਮਿਸਲਾਂ ਇੱਕਮੁੱਠ ਹੋ ਕੇ ਆਪਣੇ ਪੰਜਾਬ ਅਤੇ ਧਰਮ ਦੀ ਰਾਖੀ ਲਈ ਜੰਗ ਲੜਦੀਆਂ ਸਨ।
ਉਨ੍ਹਾਂ ਕਿਹਾ, ‘‘ਸਾਡਾ ਇਤਿਹਾਸ ਬਹੁਤ ਮਹਾਨ ਹੈ। ਚਾਹੇ ਅਬਦਾਲੀ ਜਾਂ ਦੁਰਾਨੀ ਆਏ ਹੋਣ, ਉਨ੍ਹਾਂ ਖਿਲਾਫ਼ ਸਾਡੇ ਯੋਧੇ ਲੜੇ, ਜਾਨਾਂ ਵਾਰੀਆਂ ਅਤੇ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਵਾਏ।’’ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਪੰਜ ਵਾਰ ਅਖਬਾਰਾਂ ਵਿਚ ਖਬਰ ਲੱਗੀ ਸੀ ਕਿ ਖੰਨਾ ਸ਼ਹਿਰ ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਅਤੇ ਗੰਦੇ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ ਪਰ ਅੱਜ ਪੰਜਾਬ ਦੇ ਸੋਹਣੇ ਅਤੇ ਸਾਫ ਸ਼ਹਿਰਾਂ ਵਿਚ ਖੰਨਾ ਪਹਿਲੇ ਨੰਬਰ ਤੇ ਆਉਂਦਾ ਹੈ।
ਇਸ ਮੌਕੇ ਭੁਪਿੰਦਰ ਸਿੰਘ ਸੌਂਦ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ, ਅਵਤਾਰ ਸਿੰਘ, ਪੁਸ਼ਕਰਰਾਜ ਸਿੰਘ ਰੂਪਰਾਏ, ਕੌਂਸਲਰ ਜਤਿੰਦਰ ਪਾਠਕ, ਸੁਖਮਨਜੀਤ ਸਿੰਘ, ਰਜਿੰਦਰ ਸਿੰਘ ਜੀਤ, ਕੁਲਵੰਤ ਸਿੰਘ ਮਹਿਮੀ, ਪੁਸ਼ਕਰਰਾਜ ਸਿੰਘ ਰੂਪਰਾਏ, ਸੁਖਮਿੰਦਰ ਸਿੰਘ ਚਾਨਾ, ਗੁਰਨਾਮ ਸਿੰਘ ਭਮਰਾ, ਜਸਵੀਰ ਸਿੰਘ, ਸੁਖਦੇਵ ਸਿੰਘ ਕਲਸੀ, ਹਰਮੇਸ਼ ਲੋਟੇ, ਬਲਵਿੰਦਰ ਸਿੰਘ ਸੌਂਦ, ਰਾਜਿੰਦਰ ਸਿੰਘ ਸੋਹਲ, ਪਰਮਜੀਤ ਸਿੰਘ ਧੀਮਾਨ, ਜਸਵਿੰਦਰ ਸਿੰਘ ਜੰਡੂ, ਕਰਮਜੀਤ ਸਿੰਘ ਘਟੌੜਾ, ਪਰਮਿੰਦਰ ਸਿੰਘ ਭੋਡੇ, ਮੇਜਰ ਸਿੰਘ, ਕੇਵਲ ਸਿੰਘ, ਅਨਿਲ ਭਾਰਦਵਾਜ, ਭਰਪੂਰ ਸਿੰਘ ਸਣੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
#JassaSinghRamgarhia #Khanna #HistoricalFigures #PunjabHistory #SikhHeroes #MemorialUnveiling #JassaSingh #SikhLegacy #SikhCulture #IndiaNews
Posted By:

Leave a Reply