ਚੰਡੀਗੜ੍ਹ ਹੈੱਡ ਕਾਂਸਟੇਬਲ ਕਤਲ ਕਾਂਡ: ਵਾਰ-ਵਾਰ ਬਿਆਨ ਬਦਲਣ 'ਤੇ 17 ਸਾਲਾ ਨਾਬਾਲਗ ਪੁੱਤਰ ਹਿਰਾਸਤ 'ਚ
ਚੰਡੀਗੜ੍ਹ ਦੇ ਸੈਕਟਰ-22 ਵਿੱਚ ਸ਼ੁੱਕਰਵਾਰ ਸਵੇਰੇ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁਲਿਸ ਵਿਭਾਗ ਵਿੱਚ ਤਾਇਨਾਤ ਇੱਕ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਨਿਤਿਨ ਵਜੋਂ ਹੋਈ ਹੈ, ਜੋ ਕਿ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਦੀ ਅਕਾਊਂਟਸ ਬ੍ਰਾਂਚ ਵਿੱਚ ਸੇਵਾਵਾਂ ਨਿਭਾ ਰਹੇ ਸਨ। ਇਹ ਵਾਰਦਾਤ ਸਵੇਰੇ ਲਗਭਗ 9 ਵਜੇ ਵਾਪਰੀ। ਮਿਲੀ ਜਾਣਕਾਰੀ ਅਨੁਸਾਰ, ਨਿਤਿਨ ਦੇ ਘਰੋਂ ਅਚਾਨਕ ਧਮਾਕੇ ਵਰਗੀ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਗੁਆਂਢੀਆਂ ਵਿੱਚ ਦਹਿਸ਼ਤ ਫੈਲ ਗਈ। ਗੁਆਂਢੀਆਂ ਨੇ ਬਿਨਾਂ ਦੇਰੀ ਕੀਤੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਦਿੱਤੀ। ਇਤਲਾਹ ਮਿਲਦੇ ਹੀ ਸੈਕਟਰ-17 ਥਾਣੇ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਜਦੋਂ ਪੁਲਿਸ ਘਰ ਦੇ ਅੰਦਰ ਦਾਖਲ ਹੋਈ ਤਾਂ ਨਿਤਿਨ ਬਿਸਤਰੇ 'ਤੇ ਗੰਭੀਰ ਜ਼ਖਮੀ ਹਾਲਤ 'ਚ ਪਏ ਸਨ ਅਤੇ ਉਨ੍ਹਾਂ ਦੇ ਸਿਰ 'ਚ ਗੋਲੀ ਲੱਗੀ ਹੋਈ ਸੀ। ਪੁਲਿਸ ਵੱਲੋਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਉੱਥੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਦੇ ਸਮੇਂ ਘਰ ਵਿੱਚ ਸਿਰਫ਼ ਨਿਤਿਨ ਦੀ ਪਤਨੀ ਅਤੇ ਉਨ੍ਹਾਂ ਦਾ 17 ਸਾਲਾ ਨਾਬਾਲਗ ਪੁੱਤਰ ਹੀ ਮੌਜੂਦ ਸਨ। ਸ਼ੁਰੂਆਤੀ ਪੁੱਛਗਿੱਛ ਦੌਰਾਨ ਨਾਬਾਲਗ ਪੁੱਤਰ ਨੇ ਦਾਅਵਾ ਕੀਤਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਪਿਤਾ 'ਤੇ ਗੋਲੀ ਚਲਾਈ ਹੈ, ਪਰ ਪੁਲਿਸ ਸਾਹਮਣੇ ਉਹ ਵਾਰ-ਵਾਰ ਆਪਣੇ ਬਿਆਨ ਬਦਲਦਾ ਰਿਹਾ। ਬਿਆਨਾਂ 'ਚ ਸ਼ੱਕ ਪੈਦਾ ਹੋਣ 'ਤੇ ਪੁਲਿਸ ਨੇ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰਕੇ ਘਟਨਾ ਸਥਾਨ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਗਏ ਹਨ। ਬਰਾਮਦ ਕੀਤੇ ਗਏ ਦੇਸੀ ਪਿਸਤੌਲ ਦੀ ਵੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਹਿਰਾਸਤ 'ਚ ਲਏ ਗਏ ਨਾਬਾਲਗ ਤੋਂ ਪੁੱਛਗਿੱਛ ਅਤੇ ਮਿਲੇ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Posted By: Daily Suraj Bureau