Daily Suraj

ਪੰਜਾਬੀ

ਤਰਨਤਾਰਨ ਦੇ ਪਿੰਡ ਨਾਰਲਾ 'ਚ ਫ਼ਾਇਰਿੰਗ, ਨਿੱਜੀ ਰੰਜ਼ਿਸ਼ ਕਾਰਨ ਦੋ ਧਿਰਾਂ ਭਿੜੀਆਂ, 3 ਜ਼ਖ਼ਮੀ

28 May, 2025 09:08 PM

 ਤਰਨਤਾਰਨ ਦੇ ਪਿੰਡ ਨਾਰਲਾ 'ਚ ਫ਼ਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਧਿਰਾਂ 'ਚ ਨਿੱਜੀ ਰੰਜ਼ਿਸ਼ ਕਰਕੇ ਗੋਲ਼ੀਆਂ ਚੱਲੀਆਂ। ਦੋਹਾਂ ਧਿਰਾਂ ਨੇ ਇੱਕ ਦੂਜੇ 'ਤੇ ਫ਼ਾਇਰਿੰਗ ਦੇ ਇਲਜ਼ਾਮ ਲਗਾਏ ਹਨ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਧਿਰ ਦੇ ਕੁਲਦੀਪ ਸਿੰਘ ਅਤੇ ਵੀਰ ਸਿੰਘ ਨੇ ਦੱਸਿਆ ਕਿ ਉਹ ਘਰ ’ਚ ਮੌਜੂਦ ਸਨ, ਜਦੋਂ  ਨਿਰਮਲਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਦੇ ਘਰ ’ਚ ਦਾਖ਼ਲ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਉਹਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਜਿਸ ’ਚੋਂ ਦੋ ਗੋਲੀਆਂ ਉਹਨਾਂ ਦੇ ਲੜਕੇ ਦਲੇਰ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਲੱਗੀਆਂ ਹਨ। ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਹਨਾਂ ਨੂੰ ਭਿਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਲਜਾਇਆ ਗਿਆ, ਜਿੱਥੇ ਡਾਕਟਰਾਂ ਗੰਭੀਰ ਹਾਲਾਤ ਹੋਣ ਦੇ ਚਲਦਿਆਂ ਉਹਨਾਂ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਉਧਰ ਦੂਜੇ ਪਾਸੇ ਵਿਰੋਧੀ ਧਿਰ ਦੇ ਵਿਅਕਤੀ ਕਵਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਿਰਮਲਜੀਤ ਸਿੰਘ ਜੋ ਕਿ ਖੇਤ ’ਚ  ਪਨੀਰੀ ਨੂੰ ਪਾਣੀ ਦੇ ਕੇ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਵਿਰੋਧੀ ਧਿਰ ਦੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਅਤੇ ਉਸਦੀ ਹੀ ਲਾਇਸੈਂਸੀ ਪਿਸਤੌਲ ਨਾਲ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ।  ਕਵਲਜੀਤ ਸਿੰਘ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰ ਕੇ ਉਹ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

#TarnTaran #NarlaVillage #FiringIncident #PersonalDispute #PunjabNews #ViolenceAlert #PoliceAction #3Injured #CommunitySafety #LawAndOrder

Posted By: Daily Suraj Bureau

Latest News