Daily Suraj

ਪੰਜਾਬੀ

ਆਈਸੀਸੀ ਦਾ ਵੱਡਾ ਫ਼ੈਸਲਾ: ਟੀ-20 ਵਿਸ਼ਵ ਕੱਪ ’ਚ ਸਕਾਟਲੈਂਡ ਦੀ ਐਂਟਰੀ

24 Jan, 2026 05:59 PM

ਆਈਸੀਸੀ ਨੇ ਬੀਸੀਬੀ ਨੂੰ ਪੱਤਰ ਭੇਜ ਕੇ ਦਿੱਤੀ ਜਾਣਕਾਰੀ; ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਕਰ ਕੇ ਭਾਰਤ ਵਿਚ ਖੇਡਣ ਤੋਂ ਕੀਤਾ ਸੀ ਇਨਕਾਰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਦੀ ਟੀਮ ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ਵਿਚ ਸ਼ਾਮਲ ਕਰ ਲਿਆ ਹੈ। ਆਈਸੀਸੀ ਨੇ ਇਸ ਸਬੰਧੀ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੂੰ ਅਧਿਕਾਰਤ ਤੌਰ ’ਤੇ ਸੂਚਿਤ ਕਰ ਦਿੱਤਾ ਹੈ। ਇਹ ਫੈਸਲਾ ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਦੁਬਈ ਵਿੱਚ ਲਿਆ ਤੇ ਇਸ ਸਬੰਧੀ ਦੇਰ ਸ਼ਾਮ ਬੀਸੀਬੀ ਦੇ ਚੇਅਰਮੈਨ ਅਮੀਨੁਲ ਇਸਲਾਮ ਬੁਲਬੁਲ ਨੂੰ ਈਮੇਲ ਭੇਜ ਕੇ ਗਲੋਬਲ ਬਾਡੀ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ।ਆਈਸੀਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀਸੀਬੀ ਦੇ ਚੇਅਰਮੈਨ ਨੂੰ ਕੱਲ੍ਹ ਸ਼ਾਮ ਇੱਕ ਈਮੇਲ ਭੇਜੀ ਗਈ ਸੀ ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਬੋਰਡ ਨੇ 24 ਘੰਟੇ ਦੀ ਸਮਾਂ ਸੀਮਾ ਤੋਂ ਬਾਅਦ ਅਧਿਕਾਰਤ ਤੌਰ ’ਤੇ ਆਈਸੀਸੀ ਨਾਲ ਸੰਪਰਕ ਨਹੀਂ ਕੀਤਾ ਤੇ ਨਾ ਹੀ ਭਾਰਤ ਖੇਡਣ ਆਉਣ ਬਾਰੇ ਦੱਸਿਆ। ਬੰਗਲਾਦੇਸ਼ ਵਲੋਂ ਭਾਰਤ ਵਿਚ ਖੇਡਣ ਤੋਂ ਇਨਕਾਰ ਕਰਨ ’ਤੇ ਸਕਾਟਲੈਂਡ ਦੀ ਟੀਮ ਨੂੰ ਵਿਸ਼ਵ ਕੱਪ ਵਿਚ ਬੰਗਲਾਦੇਸ਼ ਦੀ ਥਾਂ ਸ਼ਾਮਲ ਕੀਤਾ ਗਿਆ ਹੈ।ਇਸ ਤਰ੍ਹਾਂ ਸਕਾਟਲੈਂਡ ਆਪਣੇ ਚਾਰ ਗਰੁੱਪ ਲੀਗ ਮੈਚ ਵੈਸਟ ਇੰਡੀਜ਼ (7 ਫਰਵਰੀ), ਇਟਲੀ (9 ਫਰਵਰੀ) ਅਤੇ ਇੰਗਲੈਂਡ (14 ਫਰਵਰੀ) ਵਿਰੁੱਧ ਕੋਲਕਾਤਾ ਵਿੱਚ ਖੇਡੇਗਾ ਅਤੇ ਉਸ ਤੋਂ ਬਾਅਦ 17 ਫਰਵਰੀ ਨੂੰ ਮੁੰਬਈ ਵਿੱਚ ਨੇਪਾਲ ਵਿਰੁੱਧ ਮੈਚ ਖੇਡੇਗਾ।ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਵੇਂ ਆਈਸੀਸੀ ਦੀ ਵਿਵਾਦ ਨਿਪਟਾਰਾ ਕਮੇਟੀ (ਡੀਆਰਸੀ) ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਭਾਰਤ ਦੀ ਥਾਂ ਸ੍ਰੀਲੰਕਾ ਵਿੱਚ ਟੀ-20 ਵਿਸ਼ਵ ਕੱਪ ਮੈਚ ਕਰਵਾਉਣ ਬਾਰੇ ਫੈਸਲਾ ਲਵੇ ਪਰ ਬੰਗਲਾਦੇਸ਼ ਦੀ ਅਪੀਲ ’ਤੇ ਸੁਣਵਾਈ ਨਹੀਂ ਹੋਵੇਗੀ ਕਿਉਂਕਿ ਇਹ ਮਾਮਲਾ ਇਸ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।ਬੰਗਲਾਦੇਸ਼ ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ ਬੀਸੀਬੀ ਨੇ ਆਈਸੀਸੀ ਦੇ ਡੀਆਰਸੀ ਨਾਲ ਸੰਪਰਕ ਕੀਤਾ ਹੈ। ਜੇਕਰ ਡੀਆਰਸੀ ਬੀਸੀਬੀ ਖ਼ਿਲਾਫ਼ ਫੈਸਲਾ ਸੁਣਾਉਂਦੀ ਹੈ ਤਾਂ ਇਸ ਤੋਂ ਬਾਅਦ ਇਕ ਹੀ ਸੰਸਥਾ ਰਹਿ ਜਾਂਦੀ ਹੈ ਜਿਸ ਨਾਲ ਇਸ ਮਾਮਲੇ ’ਤੇ ਸੰਪਰਕ ਕੀਤਾ ਜਾ ਸਕਦਾ ਹੈ, ਇਹ ਸੰਸਥਾ ਸਵਿਟਜ਼ਰਲੈਂਡ ਵਿੱਚ ਕੋਰਟ ਆਫ਼ ਆਰਬੀਟਰੇਸ਼ਨ ਆਫ਼ ਸਪੋਰਟਸ (ਸੀਏਐਸ) ਹੈ।ਇਸ ਤੋਂ ਇਕ ਦਿਨ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਸੁਤੰਤਰ ਵਿਵਾਦ ਨਿਪਟਾਰਾ ਕਮੇਟੀ (ਡੀਆਰਸੀ) ਨੂੰ ਆਉਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੇ ਮੈਚਾਂ ਨੂੰ ਭਾਰਤ ਤੋਂ ਬਾਹਰ ਤਬਦੀਲ ਕਰਨ ਬਾਰੇ ਦਖਲ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਬੰਗਲਾਦੇਸ਼ ਦੇ ਖਿਡਾਰੀਆਂ ਦੇ ਹਿੱਤ ਅਨੁਸਾਰ ਫੈਸਲਾ ਲਵੇ ਤੇ ਮੈਚ ਭਾਰਤ ਦੀ ਥਾਂ ਸ੍ਰੀਲੰਕਾ ਵਿਚ ਕਰਵਾਏ ਜਾਣ।ਆਈਸੀਸੀ ਵਿਵਾਦ ਨਿਪਟਾਰਾ ਕਮੇਟੀ ਇੱਕ ਸੁਤੰਤਰ ਸਾਲਸੀ ਸੰਸਥਾ ਹੈ ਜੋ ਆਈਸੀਸੀ, ਇਸ ਦੇ ਮੈਂਬਰ ਬੋਰਡਾਂ, ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਜੁੜੇ ਵਿਵਾਦਾਂ ਨਾਲ ਨਜਿੱਠਦੀ ਹੈ।ਇਸ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਆਪਣੇ ਖਿਡਾਰੀਆਂ ਦੀ ਸੁਰੱਖਿਆ ਕਾਰਨਾਂ ਕਰ ਕੇ ਮੈਚ ਭਾਰਤ ਤੋਂ ਬਾਹਰ ਤਬਦੀਲ ਕਰਨ ਲਈ ਕਿਹਾ ਗਿਆ ਸੀ।ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਅਤੇ ਇਸ ਦੇ ਖੇਡ ਮੰਤਰਾਲੇ ਦੇ ਸਲਾਹਕਾਰ ਅਤੇ ਭਾਰਤ ਵਿਰੋਧੀ ਕੱਟੜਪੰਥੀ ਆਸਿਫ ਨਜ਼ਰੁਲ ਨੇ ਐਲਾਨ ਕੀਤਾ ਸੀ ਕਿ ਟੀਮ ਸੁਰੱਖਿਆ ਕਾਰਨਾਂ ਕਰਕੇ ਭਾਰਤ ਦੀ ਯਾਤਰਾ ਨਹੀਂ ਕਰੇਗੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਸੀਨੀਅਰ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਬੀਸੀਸੀਆਈ ਦੇ ਹੁਕਮ ’ਤੇ ਕੋਲਕਾਤਾ ਨਾਈਟ ਰਾਈਡਰਜ਼ ਟੀਮ ਤੋਂ ਹਟਾ ਦਿੱਤਾ ਗਿਆ ਸੀ ਜਿਸ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਵਿਚ ਖਟਾਸ ਆ ਗਈ ਸੀ।

Posted By: Daily Suraj Bureau

Latest News