Daily Suraj

ਪੰਜਾਬੀ

ਨਿੱਜੀ ਮਾਮਲੇ ਵੱਲ ਧਿਆਨ ਖਿੱਚਣ ਲਈ ਸੁਰੱਖਿਆ ਤੋੜੀ, ਪੁਲੀਸ ਵੱਲੋਂ ਮਾਮਲਾ ਦਰਜ

07 Apr, 2026 03:57 PM

ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਸੰਨ੍ਹ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਨਿੱਜੀ ਮਾਮਲੇ ਵੱਲ ਪੁਲੀਸ ਦਾ ਧਿਆਨ ਖਿੱਚਣ ਲਈ ਜ਼ਬਰਦਸਤੀ ਕਾਰ ਰਾਹੀਂ ਵਿਧਾਨ ਸਭਾ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਦਿੱਲੀ ਪੁਲੀਸ ਦੇ ਸੂਤਰਾਂ ਮੁਤਾਬਕ, ਸਰਬਜੀਤ ਸਿੰਘ ਨਾਮਕ ਵਿਅਕਤੀ ਨੇ ਇਹ ਕਦਮ ਆਪਣੇ ਲਾਪਤਾ ਭਤੀਜੇ ਦੇ ਮਾਮਲੇ ਵਿੱਚ ਕਾਰਵਾਈ ਕਰਵਾਉਣ ਲਈ ਚੁੱਕਿਆ। ਪੁਲੀਸ ਅਨੁਸਾਰ ਉਸ ਦਾ ਭਤੀਜਾ 1 ਅਪਰੈਲ ਤੋਂ ਲਾਪਤਾ ਹੈ, ਜਿਸ ਸਬੰਧੀ ਹਰੀ ਨਗਰ ਥਾਣੇ ਵਿੱਚ ਰਿਪੋਰਟ ਦਰਜ ਕੀਤੀ ਗਈ ਹੈ। ਸਰਬਜੀਤ ਦਾ ਮੰਨਣਾ ਸੀ ਕਿ ਵਿਧਾਨ ਸਭਾ ਵਿੱਚ ਮੌਜੂਦ ਉੱਚ ਅਧਿਕਾਰੀ ਉਸ ਦੀ ਗੱਲ ਸੁਣ ਸਕਣਗੇ। ਸੂਤਰਾਂ ਨੇ ਦੱਸਿਆ ਕਿ ਦਿੱਲੀ ਦੇ ਰਸਤੇ ਨਾਲ ਅਣਜਾਣ ਹੋਣ ਕਾਰਨ ਉਸ ਨੇ ਦੋ ਟੈਕਸੀ ਚਾਲਕਾਂ ਨੂੰ 2,000 ਰੁਪਏ ਦੇ ਕੇ ਆਪਣੀ ਕਾਰ ਵਿੱਚ ਬਿਠਾਇਆ ਸੀ ਤਾਂ ਜੋ ਉਹ ਉਸ ਨੂੰ ਵਿਧਾਨ ਸਭਾ ਤੋਂ ਬਾਅਦ ਸੰਸਦ ਭਵਨ ਤੱਕ ਪਹੁੰਚਣ ਦਾ ਰਸਤਾ ਦਿਖਾ ਸਕਣ। ਉਸ ਦੇ ਪਰਿਵਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਹੈ। ਉਸ ਦੀ ਪਤਨੀ ਨੇ ਸ਼ਾਹਜਹਾਂਪੁਰ ਤੋਂ ਉਸਦੇ ਇਲਾਜ ਨਾਲ ਸੰਬੰਧਿਤ ਦਸਤਾਵੇਜ਼ ਵੀ ਪੇਸ਼ ਕੀਤੇ ਹਨ, ਜਿਨ੍ਹਾਂ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦੇ ਅਨੁਸਾਰ, ਸਰਬਜੀਤ ਸਿੰਘ ਨੇ ਹਿਰਾਸਤ ਦੌਰਾਨ ਹਿੰਸਕ ਵਿਵਹਾਰ ਕੀਤਾ ਅਤੇ ਥਾਣੇ ਵਿੱਚ ਰਾਤ ਭਰ ਹੰਗਾਮਾ ਕੀਤਾ। 37 ਸਾਲਾ ਸਰਬਜੀਤ ਸਿੰਘ, ਜੋ ਉੱਤਰ ਪ੍ਰਦੇਸ਼ ਦੇ ਪੀਲੀਭੀਤ ਦਾ ਰਹਿਣ ਵਾਲਾ ਹੈ, ਵਿਰੁੱਧ ਇਰਾਦਾ-ਏ-ਕਤਲ ਸਮੇਤ ਕਈ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਹ ਘਟਨਾ ਸੋਮਵਾਰ ਦੁਪਹਿਰ ਕਰੀਬ 2:10 ਵਜੇ ਵਾਪਰੀ, ਜਦੋਂ ਇੱਕ ਚਿੱਟੇ ਰੰਗ ਦੀ ਟਾਟਾ ਸਿਏਰਾ ਕਾਰ ਗੇਟ ਨੰਬਰ 2 ਰਾਹੀਂ ਜ਼ਬਰਦਸਤੀ ਵਿਧਾਨ ਸਭਾ ਅੰਦਰ ਦਾਖਲ ਹੋ ਗਈ। ਬਾਅਦ ਵਿੱਚ ਪੁਲੀਸ ਨੇ ਵਾਹਨ ਨੂੰ ਰੂਪ ਨਗਰ ਇਲਾਕੇ ਤੋਂ ਕਾਬੂ ਕਰ ਲਿਆ। ਪੁਲੀਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੇ ਕਾਲ ਡਿਟੇਲ ਰਿਕਾਰਡ (CDR) ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Posted By: Daily Suraj Bureau

Latest News