ਕੈਨੇਡਾ ਸਰਕਾਰ ਦਾ ਵੱਡਾ ਐਲਾਨ: ਅਪੰਗਤਾ ਲਾਭ ਲਈ ਯੋਗ ਵਿਅਕਤੀਆਂ ਨੂੰ ਮਿਲੇਗੀ 150 ਡਾਲਰ ਦੀ ਇਕਮੁਸ਼ਤ ਰਾਹਤ ਰਕਮ
ਕੈਨੇਡਾ ਸਰਕਾਰ ਨੇ ਅਪੰਗਤਾ ਲਾਭ (Disability Benefit) ਲਈ ਯੋਗ ਵਿਅਕਤੀਆਂ ਦੀ ਵਿੱਤੀ ਮਦਦ ਵਾਸਤੇ 150 ਡਾਲਰ ਦੀ ਇਕਮੁਸ਼ਤ ਰਾਹਤ ਰਕਮ ਦੇਣ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਰਕਮ ਅਪੰਗਤਾ ਕਰ ਰਾਹਤ (Disability Tax Credit) ਲਈ ਲੋੜੀਂਦਾ ਪ੍ਰਮਾਣ ਪੱਤਰ ਹਾਸਲ ਕਰਨ ਦੌਰਾਨ ਆਉਣ ਵਾਲੇ ਡਾਕਟਰੀ ਅਤੇ ਪ੍ਰਸ਼ਾਸਕੀ ਖਰਚਿਆਂ ਦੀ ਭਰਪਾਈ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਸਰਕਾਰੀ ਨਿਰਦੇਸ਼ਾਂ ਅਨੁਸਾਰ ਇਸ ਰਕਮ ਦੀ ਵੰਡ ਲੰਘੀ 17 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਜਿਹੜੇ ਨਾਗਰਿਕ ਜੁਲਾਈ 2025 ਤੋਂ ਜੁਲਾਈ 2026 ਦੇ ਸਮੇਂ ਦਰਮਿਆਨ ਅਪੰਗਤਾ ਲਾਭ ਲਈ ਯੋਗ ਪਾਏ ਗਏ ਹਨ, ਉਨ੍ਹਾਂ ਨੂੰ ਇਸ ਭੁਗਤਾਨ ਲਈ ਕਿਸੇ ਵੀ ਤਰ੍ਹਾਂ ਦੀ ਵੱਖਰੀ ਅਰਜ਼ੀ ਦੇਣ ਦੀ ਲੋੜ ਨਹੀਂ ਪਵੇਗੀ। ਯੋਗ ਵਿਅਕਤੀਆਂ ਦੇ ਖਾਤਿਆਂ ਵਿੱਚ ਇਹ ਰਕਮ ਆਪਣੇ ਆਪ (ਆਟੋਮੈਟਿਕ) ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਉਹ ਵਿਅਕਤੀ ਵੀ ਇਸ ਇਕਮੁਸ਼ਤ ਰਾਹਤ ਦੇ ਹੱਕਦਾਰ ਹੋ ਸਕਦੇ ਹਨ ਜੋ ਪਹਿਲਾਂ ਇਹ ਲਾਭ ਪ੍ਰਾਪਤ ਕਰ ਚੁੱਕੇ ਹਨ, ਪਰ ਮੌਜੂਦਾ ਸਮੇਂ ਵਿੱਚ ਇਸ ਲਈ ਯੋਗ ਨਹੀਂ ਰਹੇ।ਜਿਨ੍ਹਾਂ ਨਵੇਂ ਆਵੇਦਕਾਂ ਦੇ ਅਪੰਗਤਾ ਕਰ ਰਾਹਤ ਪ੍ਰਮਾਣ ਪੱਤਰਾਂ ਨੂੰ ਬਾਅਦ ਵਿੱਚ ਮਨਜ਼ੂਰੀ ਮਿਲੇਗੀ, ਉਨ੍ਹਾਂ ਨੂੰ ਇਹ 150 ਡਾਲਰ ਦੀ ਰਕਮ ਸਾਲ 2027 ਦੀ ਸ਼ੁਰੂਆਤ ਵਿੱਚ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ।ਜ਼ਿਕਰਯੋਗ ਹੈ ਕਿ ਕੈਨੇਡਾ ਦੀ ਅਪੰਗਤਾ ਲਾਭ ਯੋਜਨਾ ਨੂੰ ਅਰਜ਼ੀ ਦੀ ਜਟਿਲ ਤੇ ਲੰਮੀ ਪ੍ਰਕਿਰਿਆ ਅਤੇ ਭੁਗਤਾਨਾਂ ਵਿੱਚ ਹੁੰਦੀ ਦੇਰੀ ਕਾਰਨ ਪਹਿਲਾਂ ਵੀ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਅਪੰਗਤਾ ਅਧਿਕਾਰਾਂ ਲਈ ਆਵਾਜ਼ ਉਠਾਉਣ ਵਾਲੇ ਕਈ ਪ੍ਰਮੁੱਖ ਕਾਰਕੁਨਾਂ ਦਾ ਮੰਨਣਾ ਹੈ ਕਿ ਅਪੰਗਤਾ ਕਰ ਰਾਹਤ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੀ ਲਾਜ਼ਮੀ ਸ਼ਰਤ ਨਾਗਰਿਕਾਂ ਲਈ ਇੱਕ ਵੱਡੀ ਪ੍ਰਸ਼ਾਸਕੀ ਰੁਕਾਵਟ ਬਣੀ ਹੋਈ ਹੈ।
Posted By: Daily Suraj Bureau