ਵੈਸਟ ਕੈਲੋਨਾ ਪੁਲੀਸ ਦੀ ਵੱਡੀ ਕਾਰਵਾਈ, 20 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਇੱਕ ਕਾਬੂ
ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਕੈਲੋਨਾ ਵਿੱਚ ਪੁਲੀਸ ਨੇ ਇੱਕ ਘਰ ਦੀ ਤਲਾਸ਼ੀ ਦੌਰਾਨ ਲਗਭਗ 20 ਹਜ਼ਾਰ ਕੈਨੇਡੀਅਨ ਡਾਲਰ ਦੀ ਨਕਲੀ ਕਰੰਸੀ, ਦਰਜਨ ਤੋਂ ਵੱਧ ਮਾਰੂ ਹਥਿਆਰ ਅਤੇ ਵੱਖ-ਵੱਖ ਕਿਸਮਾਂ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਘਰ ਵਿੱਚ ਮੌਜੂਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੂੰ ਘਰ ਦੀਆਂ ਕੁਝ ਲੁਕੀਆਂ ਥਾਵਾਂ ਤੋਂ ਨਕਲੀ ਨੋਟ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਵੀ ਮਿਲਿਆ। ਪੁਲੀਸ ਮੁਤਾਬਕ ਇਹ ਕਾਰਵਾਈ ਸਮੇਂ ਸਿਰ ਹੋਣ ਕਾਰਨ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਸਮਾਨ ਅਤੇ ਮਾਰੂ ਹਥਿਆਰ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਜ਼ਬਤ ਕਰ ਲਏ ਗਏ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਵੈਸਟ ਕੈਲੋਨਾ ਦੇ ਬੁਲਾਰੇ ਕਾਰਪੋਰਲ ਸ਼ੌਨ ਐਚਮੀਚੱਕ ਨੇ ਦੱਸਿਆ ਕਿ ਪੁਲੀਸ ਦੀ ਡਰੱਗ ਅਤੇ ਅਪਰਾਧ ਘਟਾਊ ਟੀਮ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਵੈਸਟ ਕੈਲੋਨਾ ਦੇ ਸ਼ੈਨਨ ਪਲੇਸ ਦੇ 3100 ਬਲਾਕ ਸਥਿਤ ਇੱਕ ਘਰ ਲਈ ਤਲਾਸ਼ੀ ਵਾਰੰਟ ਹਾਸਲ ਕੀਤਾ ਗਿਆ ਸੀ। ਵਾਰੰਟ ਦੇ ਆਧਾਰ ’ਤੇ ਕੀਤੀ ਗਈ ਤਲਾਸ਼ੀ ਦੌਰਾਨ ਪੁਲੀਸ ਨੇ ਕਰੀਬ 20 ਹਜ਼ਾਰ ਡਾਲਰ ਦੇ ਜਾਅਲੀ ਕਰੰਸੀ ਨੋਟ, ਨਕਲੀ ਨੋਟ ਬਣਾਉਣ ਦਾ ਸਮਾਨ, ਕਈ ਗੈਰ-ਕਾਨੂੰਨੀ ਬੰਦੂਕਾਂ ਅਤੇ ਕਈ ਕਿਸਮਾਂ ਦੇ ਮਾਰੂ ਨਸ਼ੀਲੇ ਪਦਾਰਥ ਬਰਾਮਦ ਕੀਤੇ। ਪੁਲੀਸ ਨੇ ਦੱਸਿਆ ਕਿ ਘਰ ਵਿੱਚੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲੀਸ ਵੱਲੋਂ ਬਰਾਮਦ ਕੀਤੇ ਗਏ ਸਮਾਨ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲੀਸ ਨੇ ਆਮ ਲੋਕਾਂ ਨੂੰ ਨਕਦੀ ਦੇ ਲੈਣ-ਦੇਣ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਰੰਸੀ ਨੋਟਾਂ ਬਾਰੇ ਥੋੜ੍ਹਾ ਜਿਹਾ ਵੀ ਸ਼ੱਕ ਹੋਵੇ ਤਾਂ ਇਸ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਪੁਲੀਸ ਮੁਤਾਬਕ ਇਸ ਤਰ੍ਹਾਂ ਦੀ ਸੂਚਨਾ ਨਾਲ ਗੈਰ-ਕਾਨੂੰਨੀ ਗਤੀਵਿਧੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
Posted By: Daily Suraj Bureau