Daily Suraj

ਪੰਜਾਬੀ

ਏਸ਼ੀਆਈ ਖੇਡਾਂ 'ਚ ਭਾਰਤੀ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ: ਅੰਕੁਸ਼, ਪਰਵੀਨ ਅਤੇ ਲਵਲੀਨਾ ਨੇ ਭਾਰਤ ਦੀ ਝੋਲੀ ਪਾਏ ਸੋਨੇ ਦੇ ਤਗਮੇ

02 Oct, 2026 05:10 PM

ਏਸ਼ੀਆਈ ਖੇਡਾਂ ਦੌਰਾਨ ਨਿਸ਼ੀਓ ਜਿਮਨੇਜ਼ੀਅਮ ਵਿਖੇ ਖੇਡੇ ਗਏ ਪੁਰਸ਼ਾਂ ਦੇ 80 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਦੇ ਅੰਕੁਸ਼ ਪੰਘਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਂ ਕੀਤਾ ਹੈ। ਅੰਕੁਸ਼ ਨੇ ਦੱਖਣੀ ਕੋਰੀਆ ਦੇ ਮਿਨਸੇਓਂਗ ਕਿਮ ਨੂੰ 4-0 ਨਾਲ ਮਾਤ ਦੇ ਕੇ ਭਾਰਤ ਦੀ ਮੁੱਕੇਬਾਜ਼ੀ ਮੁਹਿੰਮ ਦਾ ਸੁਨਹਿਰੀ ਅੰਤ ਕੀਤਾ। ਅੰਕੁਸ਼ ਨੇ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਆਪਣਾ ਦਬਦਬਾ ਬਣਾਈ ਰੱਖਿਆ। ਪੰਜ ਵਿੱਚੋਂ ਚਾਰ ਜੱਜਾਂ ਨੇ 30-26 ਨਾਲ ਫੈਸਲਾ ਅੰਕੁਸ਼ ਦੇ ਹੱਕ ਵਿੱਚ ਦਿੱਤਾ, ਜਦਕਿ ਇੱਕ ਜੱਜ ਨੇ ਦੋਵਾਂ ਦਾ ਸਕੋਰ 28-28 'ਤੇ ਬਰਾਬਰ ਰੱਖਿਆ। ਕੋਰੀਆਈ ਮੁੱਕੇਬਾਜ਼ ਨੂੰ ਪਹਿਲੇ ਦੌਰ ਵਿੱਚ ਚੇਤਾਵਨੀ ਮਿਲਣ ਕਾਰਨ ਇੱਕ ਅੰਕ ਦਾ ਨੁਕਸਾਨ ਵੀ ਝੱਲਣਾ ਪਿਆ। ਭਾਰਤੀ ਮੁੱਕੇਬਾਜ਼ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਦੌਰ 4-1 ਨਾਲ ਅਤੇ ਦੂਜਾ ਦੌਰ '1-2' ਕੰਬੀਨੇਸ਼ਨ ਤੇ ਕਾਊਂਟਰ ਪੰਚਾਂ ਦੇ ਦਮ 'ਤੇ 5-0 ਨਾਲ ਜਿੱਤਿਆ। ਤੀਜੇ ਦੌਰ ਵਿੱਚ ਬਚਾਅ ਅਤੇ ਹਮਲੇ ਦਾ ਬਹਤਰੀਨ ਤਾਲਮੇਲ ਦਿਖਾਉਂਦੇ ਹੋਏ ਉਸ ਨੇ ਇਹ ਦੌਰ 4-1 ਨਾਲ ਜਿੱਤ ਕੇ ਕੁੱਲ ਮੁਕਾਬਲਾ 4-0 ਨਾਲ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਆਈਚੀ-ਨਾਗੋਯਾ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ੀ ਟੀਮ ਦਾ ਸਫ਼ਰ ਕੁੱਲ ਛੇ ਤਗਮਿਆਂ – ਤਿੰਨ ਸੋਨੇ ਅਤੇ ਤਿੰਨ ਕਾਂਸੀ – ਨਾਲ ਬਹੁਤ ਹੀ ਯਾਦਗਾਰ ਰਿਹਾ। ਇਸ ਤੋਂ ਪਹਿਲਾਂ ਮਹਿਲਾ ਵਰਗ ਵਿੱਚ ਪਰਵੀਨ ਹੁੱਡਾ ਅਤੇ ਲਵਲੀਨਾ ਬੋਰਗੋਹੇਨ ਨੇ ਵੀ ਭਾਰਤ ਲਈ ਸੋਨ ਤਗਮੇ ਜਿੱਤੇ। ਰੋਹਤਕ ਦੀ ਰਹਿਣ ਵਾਲੀ ਪਰਵੀਨ ਹੁੱਡਾ ਨੇ ਚਾਈਨੀਜ਼ ਤਾਈਪੇ ਦੀ ਨਿਏਨ-ਚਿਨ ਚੇ ਨੂੰ 3-2 ਦੇ 'ਸਪਲਿਟ ਫੈਸਲੇ' ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ ਬਣਨ ਦਾ ਮਾਣ ਹਾਸਲ ਕੀਤਾ। ਦੂਜੇ ਪਾਸੇ, ਆਪਣੇ 29ਵੇਂ ਜਨਮਦਿਨ 'ਤੇ ਲਵਲੀਨਾ ਬੋਰਗੋਹੇਨ ਨੇ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਚੀਨ ਦੀ ਜ਼ਿਯੀ ਬਾਓ ਨੂੰ 5-0 ਨਾਲ ਕਰਾਰੀ ਹਾਰ ਦਿੱਤੀ। ਇਸ ਸੁਨਹਿਰੀ ਜਿੱਤ ਨਾਲ ਲਵਲੀਨਾ ਨੇ 12 ਸਾਲਾਂ ਬਾਅਦ ਭਾਰਤ ਲਈ ਮਹਿਲਾ ਮੁੱਕੇਬਾਜ਼ੀ ਵਿੱਚ ਪਹਿਲਾ ਸੋਨ ਤਗਮਾ ਹਾਸਲ ਕੀਤਾ, ਜਦਕਿ ਇਸ ਤੋਂ ਪਹਿਲਾਂ ਇੰਚੀਓਨ 2014 ਏਸ਼ੀਆਈ ਖੇਡਾਂ ਵਿੱਚ ਮਹਾਨ ਮੁੱਕੇਬਾਜ਼ ਐਮ.ਸੀ. ਮੈਰੀ ਕੋਮ ਨੇ 51 ਕਿਲੋਗ੍ਰਾਮ ਵਰਗ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ ਸੀ।

Latest News