ਅਲਬਰਟਾ ਬਾਰਡਰ 'ਤੇ ਸੀਬੀਐਸਏ ਦੀ ਵੱਡੀ ਕਾਰਵਾਈ: ਦੋ ਟਰੱਕਾਂ 'ਚੋਂ 475 ਪੌਂਡ ਕੋਕੀਨ ਬਰਾਮਦ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅਧਿਕਾਰੀਆਂ ਨੇ ਅਲਬਰਟਾ ਦੇ ਕਾਊਟਸ ਬਾਰਡਰ ਕਰਾਸਿੰਗ 'ਤੇ ਨਸ਼ਾ ਤਸਕਰੀ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਤੋਂ ਕੈਨੇਡਾ ਵਿਚਾਲੇ ਦਾਖਲ ਹੋ ਰਹੇ ਦੋ ਵੱਖ-ਵੱਖ ਟਰੱਕਾਂ ਦੀ ਤਲਾਸ਼ੀ ਦੌਰਾਨ ਕੁੱਲ 475 ਪੌਂਡ (ਲਗਭਗ 215.5 ਕਿਲੋਗ੍ਰਾਮ) ਕੋਕੀਨ ਬਰਾਮਦ ਕੀਤੀ ਗਈ ਹੈ। ਇਹ ਦੋਵੇਂ ਕਾਰਵਾਈਆਂ ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ਦੌਰਾਨ ਅੰਜਾਮ ਦਿੱਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ, ਪਹਿਲੀ ਕਾਰਵਾਈ 26 ਜੁਲਾਈ ਨੂੰ ਕੀਤੀ ਗਈ ਜਦੋਂ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਇੱਕ ਟਰੱਕ ਨੂੰ ਦੂਜੀ ਜਾਂਚ ਲਈ ਭੇਜਿਆ। ਤਲਾਸ਼ੀ ਦੌਰਾਨ ਐਲਾਨੇ ਗਏ ਸਮਾਨ ਦੇ ਵਿਚਕਾਰ ਲੁਕਾਏ ਚਾਰ ਡੱਬਿਆਂ ਵਿੱਚੋਂ ਕੋਕੀਨ ਦੇ 80 ਪੈਕਟ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ ਲਗਭਗ 200 ਪੌਂਡ (90.94 ਕਿਲੋਗ੍ਰਾਮ) ਸੀ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਸੀਬੀਐਸਏ ਨੇ ਟਰੱਕ ਡਰਾਈਵਰ ਅਤੇ ਉਸ ਦੇ ਨਾਲ ਸਵਾਰ ਇੱਕ ਯਾਤਰੀ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ 31 ਜੁਲਾਈ ਨੂੰ ਅਧਿਕਾਰੀਆਂ ਨੇ ਇੱਕ ਹੋਰ ਟਰੱਕ ਨੂੰ ਜਾਂਚ ਲਈ ਰੋਕਿਆ। ਇਸ ਤਲਾਸ਼ੀ ਦੌਰਾਨ ਟਰੱਕ ਵਿਚੋਂ ਕੋਕੀਨ ਦੇ 107 ਪੈਕਟ ਜ਼ਬਤ ਕੀਤੇ ਗਏ, ਜਿਨ੍ਹਾਂ ਦਾ ਕੁੱਲ ਵਜ਼ਨ 275 ਪੌਂਡ (124.6 ਕਿਲੋਗ੍ਰਾਮ) ਦੇ ਕਰੀਬ ਸੀ। ਇਸ ਦੂਜੀ ਬਰਾਮਦਗੀ ਦੌਰਾਨ ਵੀ ਟਰੱਕ ਦੇ ਡਰਾਈਵਰ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਸੀਬੀਐਸਏ ਪ੍ਰੇਰੀ ਰੀਜਨ ਦੀ ਰੀਜਨਲ ਡਾਇਰੈਕਟਰ ਜਨਰਲ ਜਨੇਲੀ ਬੈਲ-ਬੋਇਚੁਕ ਨੇ ਦੱਸਿਆ ਕਿ ਕਾਊਟਸ ਬਾਰਡਰ 'ਤੇ ਹੋਈਆਂ ਇਹ ਵੱਡੀਆਂ ਬਰਾਮਦਗੀਆਂ ਸਰਹੱਦੀ ਸੁਰੱਖਿਆ ਅਧਿਕਾਰੀਆਂ ਦੀ ਮੁਸਤੈਦੀ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਏਜੰਸੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਵਚਨਬੱਧ ਹੈ। ਸੀਬੀਐਸਏ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਪਿਛਲੇ ਸਾਲ ਦੌਰਾਨ ਅਲਬਰਟਾ ਵਿੱਚ ਅਧਿਕਾਰੀਆਂ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨਾਲ ਸਬੰਧਤ 1,292 ਜ਼ਬਤੀਆਂ ਕੀਤੀਆਂ ਸਨ। ਇਹਨਾਂ ਵੱਖ-ਵੱਖ ਕਾਰਵਾਈਆਂ ਦੌਰਾਨ ਕੁੱਲ 2,324 ਪੌਂਡ (1,054 ਕਿਲੋਗ੍ਰਾਮ) ਕੋਕੀਨ ਬਰਾਮਦ ਕੀਤੀ ਗਈ ਸੀ।
Posted By: Daily Suraj Bureau