Daily Suraj

ਪੰਜਾਬੀ

ਐੱਨਡੀਏ ਇਤਿਹਾਸਕ ਜਿੱਤ ਵੱਲ ਵਧਿਆ, ਪਟਨਾ ’ਚ ਜਸ਼ਨ ਸ਼ੁਰੂ; ਤੇਜਸਵੀ ਤੇ ਤੇਜ ਪ੍ਰਤਾਪ ਪਿੱਛੇ

14 Nov, 2025 09:59 PM

ਬਿਹਾਰ ਵਿਚ ਕੌਮੀ ਜਮੂਹਰੀ ਗੱਠਜੋੜ (NDA) ਦੋ ਤਿਹਾਈ ਬਹੁਮਤ ਨਾਲ ਇਤਿਹਾਸਕ ਜਿੱਤ ਵੱਲ ਵਧ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ ਸੱਤਾਧਾਰੀ ਐੱਨਡੀਏ 208 ਸੀਟਾਂ ਉੱਤੇ ਅਤੇ ਮਹਾਗੱਠਬੰਧਨ ਦੇ ਉਮੀਦਵਾਰ 27 ਸੀਟਾਂ ’ਤੇ ਅੱਗੇ ਹਨ। ਭਾਜਪਾ, ਜਿਸ ਨੇ 101 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, 95 ਸੀਟਾਂ ’ਤੇ ਲੀਡ ਬਣਾ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਦੇ ਉਮੀਦਵਾਰ 84 ਸੀਟਾਂ ’ਤੇ ਅੱਗੇ ਹਨ ਤੇ ਇਕ ਸੀਟ ਜਿਤ ਲਈ ਹੈ।


ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਜਾਣਕਾਰੀ ਮੁਤਾਬਕ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ 81 ਸੀਟਾਂ ’ਤੇ ਅੱਗੇ ਚੱਲ ਰਹੇ ਹਨ ਜਦੋਂਕਿ ਐੱਨਡੀਏ ਦੀ ਅਹਿਮ ਭਾਈਵਾਲ ਭਾਜਪਾ 91 ਸੀਟਾਂ ’ਤੇ ਅੱਗੇ ਹੈ। ਮਹਾਂਗੱਠਜੋੜ ਦੀ ਗੱਲ ਕਰੀਏ ਤਾਂ ਰਾਸ਼ਟਰੀ ਜਨਤਾ ਦਲ (RJD) ਨੇ 24 ਸੀਟਾਂ ’ਤੇ ਬੜਤ ਬਣਾਈ ਹੋਈ ਹੈ। ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) 19, ਏਆਈਐੱਮਆਈਐੱਮ ਤੇ ਐੱਚਏਐੱਮ 6-5, ਕਾਂਗਰਸ ਇਕ , ਸੀਪੀਆਈ ਐੱਮਐੱਲ 2 ਤੇ ਰਾਸ਼ਟਰੀ ਲੋਕ ਮੋਰਚਾ 4 ਅਤੇ ਸੀਪੀਆਈ ਐੱਮ ਤੇ ਬਸਪਾ ਇਕ ਇਕ ਸੀਟ ’ਤੇ ਅੱਗੇ ਹਨ।


ਆਰਜੇਡੀ ਆਗੂ ਤੇ ਮਹਾਂਗੱਠਜੋੜ ਦੇ ਮੁੱਖ ਮੰਤਰੀ ਚਿਹਰੇ ਤੇਜਵਸੀ ਯਾਦਵ ਰਾਘੋਪੁਰ ਸੀਟ ਤੋਂ 4345 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਇਸ ਸੀਟ ਤੋਂ ਭਾਜਪਾ ਉਮੀਦਵਾਰ ਸਤੀਸ਼ ਕੁਮਾਰ 17ਵੇਂ ਗੇੜ ਦੀ ਗਿਣਤੀ ਮਗਰੋਂ 67628 ਵੋਟਾਂ ਨਾਲ ਪਹਿਲੇ ਨੰਬਰ ’ਤੇ ਹਨ। ਮਹੂਆ ਤੋਂ ਜਨਸ਼ਕਤੀ ਜਨਤਾ ਦਲ (ਜੇਜੇਪੀ) ਦੇ ਤੇਜ ਪ੍ਰਤਾਪ ਸਿੰਘ 17ਵੇਂ ਗੇੜ ਦੀ ਗਿਣਤੀ ਮਗਰੋਂ 35613 ਵੋਟਾਂ ਦੇ ਵੱਡੇ ਫ਼ਰਕ ਨਾਲ ਤੀਜੇ ਸਥਾਨ ’ਤੇ ਹਨ।


ਬਿਹਾਰ ਚੋਣਾਂ ਵਿਚ ਕੌਮੀ ਜਮਹੂਰੀ ਗੱਠਜੋੜ ਦੇ ਵੱਡੀ ਜਿੱਤ ਵੱਲ ਵਧਣ ਦਰਮਿਆਨ ਜੇਡੀਯੂ ਵਰਕਰਾਂ ਨੇ ਪਟਨਾਂ ਸਥਿਤ ਪਾਰਟੀ ਹੈੱਡਕੁਆਰਟਰ ਵਿਚ ਪਟਾਕੇ ਚਲਾ ਕੇ ਜਸ਼ਨ ਮਨਾਇਆ।


ਚੋਣ ਕਮਿਸ਼ਨ ਨੇ ਵੋਟਾਂ ਦੀ ਗਣਤੀ ਲਈ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਪੁਖ਼ਤਾ ਪ੍ਰਬੰਧ ਕੀਤੇ ਹਨ। ਸੂਬੇ ’ਚ ਵੋਟ ਗਿਣਤੀ ਨਿਗਰਾਨਾਂ ਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਦੀ ਹਾਜ਼ਰੀ ’ਚ ਚੋਣ ਅਧਿਕਾਰੀ ਵੋਟਾਂ ਦੀ ਗਿਣਤੀ ਕਰਨਗੇ। ਕਮਿਸ਼ਨ ਨੇ ਮੀਡੀਆ ਨੂੰ ਸਿਰਫ਼ ਅਧਿਕਾਰਤ ਚੋਣ ਨਤੀਜਿਆਂ ’ਤੇ ਹੀ ਇਤਬਾਰ ਕਰਨ ਦੀ ਸਲਾਹ ਦਿੱਤੀ ਹੈ।


ਕਮਿਸ਼ਨ ਨੇ ਕਿਹਾ ਕਿ ਹਰ ਟੇਬਲ ’ਤੇ ਵੋਟ ਗਿਣਤੀ ਨਿਗਰਾਨ, ਵੋਟ ਗਿਣਤੀ ਸਹਾਇਕ ਤੇ ‘ਮਾਈਕਰੋ-ਅਬਜ਼ਰਵਰ’ ਨਾਲ 4,372 ਵੋਟ ਗਿਣਤੀ ਕਾਊਂਟਰ ਲਾਏ ਗਏ ਹਨ। ਉਮੀਦਵਾਰਾਂ ਦੇ ਲਾਏ 18 ਹਜ਼ਾਰ ਤੋਂ ਵੱਧ ਏਜੰਟ ਵੋਟਾਂ ਦੀ ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲੇਟ ਦੀ ਗਿਣਤੀ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ। ਇਸ ਮਗਰੋਂ ਸਵੇਰੇ 8.30 ਵਜੇ ਈ ਵੀ ਐੱਮ ’ਚ ਦਰਜ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।

Posted By: Daily Suraj Bureau

Latest News