ਕੈਨੇਡਾ ਦੇ ਮਹਾਨ ਟੈਨਿਸ ਖਿਡਾਰੀ ਮਿਲੋਸ ਰਾਓਨਿਕ ਨੇ ਰੈਕਟ ਰੱਖਿਆ ਇਕ ਪਾਸੇ
ਓਂਟਾਰੀਓ, ਕੈਨੇਡਾ ਦੇ ਪ੍ਰਸਿੱਧ ਟੈਨਿਸ ਖਿਡਾਰੀ ਮਿਲੋਸ ਰਾਓਨਿਕ ਨੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 35 ਸਾਲਾ ਰਾਓਨਿਕ ਨੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ਰਾਹੀਂ ਆਪਣੇ ਰਿਟਾਇਰਮੈਂਟ ਦੀ ਜਾਣਕਾਰੀ ਸਾਂਝੀ ਕੀਤੀ। ਰਾਓਨਿਕ ਨੇ ਲਿਖਿਆ ਕਿ ਹੁਣ ਉਹ ਪਲ ਆ ਗਿਆ ਹੈ ਜਦੋਂ ਉਸਨੂੰ ਟੈਨਿਸ ਨੂੰ ਅਲਵਿਦਾ ਕਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ, “ਇਹ ਉਹ ਸਮਾਂ ਹੁੰਦਾ ਹੈ ਜਿਸ ਬਾਰੇ ਪਤਾ ਤਾਂ ਹੁੰਦਾ ਹੈ ਕਿ ਇਕ ਦਿਨ ਆਵੇਗਾ, ਪਰ ਕਦੇ ਵੀ ਪੂਰੀ ਤਰ੍ਹਾਂ ਤਿਆਰ ਨਹੀਂ ਲੱਗਦਾ। ਟੈਨਿਸ ਮੇਰੀ ਜ਼ਿੰਦਗੀ ਦਾ ਪਿਆਰ ਅਤੇ ਮੇਰਾ ਜ਼ੁਨੂਨ ਰਹੀ ਹੈ। ਓਂਟਾਰੀਓ ਦੇ ਥੌਰਨਹਿੱਲ ਨਾਲ ਸਬੰਧਤ ਰਾਓਨਿਕ ਨੇ ਆਪਣਾ ਆਖ਼ਰੀ ਮੈਚ ਪੈਰਿਸ 2024 ਓਲੰਪਿਕਸ ਵਿੱਚ ਖੇਡਿਆ ਸੀ, ਜਿੱਥੇ ਉਹ ਪਹਿਲੇ ਰਾਊਂਡ ਵਿੱਚ ਜਰਮਨੀ ਦੇ ਡੋਮਿਨਿਕ ਕੋਪਫਰ ਕੋਲੋਂ ਹਾਰ ਗਏ ਸਨ। ਆਪਣੇ ਕਰੀਅਰ ਦੇ ਚਰਮ ਦੌਰਾਨ ਉਹ ਏਟੀਪੀ ਰੈਂਕਿੰਗ ਵਿੱਚ ਪੁਰਸ਼ ਸਿੰਗਲਜ਼ ਵਿੱਚ ਤੀਜੇ ਸਥਾਨ ਤੱਕ ਪਹੁੰਚੇ। ਮਿਲੋਸ ਰਾਓਨਿਕ ਨੇ ਏਟੀਪੀ ਟੂਰ ਦੇ ਅੱਠ ਖਿਤਾਬ ਜਿੱਤੇ ਅਤੇ 2016 ਵਿੱਚ ਵਿਂਬਲਡਨ ਦੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ, ਜਿੱਥੇ ਉਹ ਐਂਡੀ ਮਰੇ ਕੋਲੋਂ ਸਿੱਧੇ ਸੈਟਾਂ ਵਿੱਚ ਹਾਰ ਗਏ। ਗ੍ਰੈਂਡ ਸਲੈਮ ਮੁਕਾਬਲਿਆਂ ਵਿੱਚ ਉਨ੍ਹਾਂ ਨੇ 10 ਵਾਰ ਕਵਾਰਟਰਫਾਈਨਲ ਜਾਂ ਇਸ ਤੋਂ ਅੱਗੇ ਤੱਕ ਪਹੁੰਚ ਕੇ 92 ਜਿੱਤਾਂ ਅਤੇ 37 ਹਾਰਾਂ ਦਾ ਪ੍ਰਭਾਵਸ਼ਾਲੀ ਰਿਕਾਰਡ ਬਣਾਇਆ। ਰਾਓਨਿਕ ਨੇ ਮੰਨਿਆ ਕਿ ਲਗਾਤਾਰ ਜ਼ਖ਼ਮਾਂ ਨੇ ਉਨ੍ਹਾਂ ਦਾ ਕਰੀਅਰ ਛੋਟਾ ਕਰ ਦਿੱਤਾ। 2025 ਵਿੱਚ ਮੋਢੇ ਦੀ ਸੱਟ ਕਾਰਨ ਉਨ੍ਹਾਂ ਦੀ ਵਾਪਸੀ ਦੀ ਕੋਸ਼ਿਸ਼ ਵੀ ਅਧੂਰੀ ਰਹੀ। ਫਿਰ ਵੀ ਉਨ੍ਹਾਂ ਭਵਿੱਖ ਲਈ ਆਸ ਜਤਾਈ ਅਤੇ ਕਿਹਾ ਕਿ ਟੈਨਿਸ ਤੋਂ ਬਾਅਦ ਵੀ ਜ਼ਿੰਦਗੀ ਵਿੱਚ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ।
Posted By: Daily Suraj Bureau