Daily Suraj

ਪੰਜਾਬੀ

ਕਰਨਪ੍ਰਯਾਗ ਵਿੱਚ ਪਾਰਕਿੰਗ ਵਿਵਾਦ ਨੇ ਲਿਆ ਹਿੰਸਕ ਰੂਪ, ਚਾਰ ਨਿਹੰਗ ਸ਼ਰਧਾਲੂ ਗ੍ਰਿਫ਼ਤਾਰ

17 Jun, 2026 04:14 PM

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਅਧੀਨ ਕਰਨਪ੍ਰਯਾਗ ਬਾਜ਼ਾਰ ਵਿੱਚ ਗੱਡੀ ਪਾਰਕਿੰਗ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ। ਪੁਲੀਸ ਨੇ ਸਥਾਨਕ ਲੋਕਾਂ 'ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਪੰਜਾਬ ਦੇ ਮੁਹਾਲੀ ਨਾਲ ਸਬੰਧਤ ਚਾਰ ਨਿਹੰਗ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ। ਇਸ ਘਟਨਾ ਵਿੱਚ ਚਾਰ ਸਥਾਨਕ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਦੇਹਰਾਦੂਨ ਦੇ ਹਸਪਤਾਲ ਭੇਜਿਆ ਗਿਆ ਹੈ, ਜਦਕਿ ਬਾਕੀ ਤਿੰਨ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕਰਨਪ੍ਰਯਾਗ ਥਾਣੇ ਦੇ ਮੁਖੀ ਵਿਨੋਦ ਥਪਲਿਆਲ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਕ੍ਰਿਸ਼ਨਾ ਪੈਲੇਸ ਹੋਟਲ ਨੇੜੇ ਵਾਪਰੀ। ਸਥਾਨਕ ਨਿਵਾਸੀ ਗਜਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲੀਸ ਨੇ ਮੰਤਰੀ ਸਿੰਘ (21), ਜਸਨਪ੍ਰੀਤ ਸਿੰਘ (23), ਅਜੇ ਸਿੰਘ (23) ਅਤੇ ਸਤਵਿੰਦਰ ਸਿੰਘ (21) ਨੂੰ ਹਿਰਾਸਤ ਵਿੱਚ ਲਿਆ ਹੈ। ਚਾਰੇ ਮੁਲਜ਼ਮ ਮੁਹਾਲੀ (ਪੰਜਾਬ) ਦੇ ਰਹਿਣ ਵਾਲੇ ਹਨ। ਮਾਮੂਲੀ ਬਹਿਸ ਤੋਂ ਬਾਅਦ ਵਧਿਆ ਵਿਵਾਦ ਪੁਲੀਸ ਮੁਤਾਬਕ, ਹੋਟਲ ਨੇੜੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਸਥਾਨਕ ਵਪਾਰੀਆਂ, ਪ੍ਰਕਾਸ਼ ਰਾਵਤ ਨਾਮ ਦੇ ਇੱਕ ਸਥਾਨਕ ਨਿਵਾਸੀ ਅਤੇ ਨਿਹੰਗ ਸ਼ਰਧਾਲੂਆਂ ਵਿਚਾਲੇ ਬਹਿਸ ਹੋਈ ਸੀ। ਦੇਖਦੇ ਹੀ ਦੇਖਦੇ ਵਿਵਾਦ ਹਿੰਸਕ ਰੂਪ ਧਾਰਨ ਕਰ ਗਿਆ। ਦੋ ਨਿਹੰਗ ਨੌਜਵਾਨਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪ੍ਰਕਾਸ਼ ਰਾਵਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।

 ਇਸ ਤੋਂ ਬਾਅਦ ਜਦੋਂ ਹੋਰ ਸਥਾਨਕ ਲੋਕ ਬਚਾਅ ਲਈ ਅੱਗੇ ਆਏ ਤਾਂ ਬਾਕੀ ਦੋ ਨਿਹੰਗਾਂ ਨੇ ਵੀ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕੁੱਲ ਚਾਰ ਲੋਕ ਜ਼ਖ਼ਮੀ ਹੋਏ। ਚਮੋਲੀ ਦੇ ਐੱਸ.ਪੀ. ਸੁਰਜੀਤ ਸਿੰਘ ਪੰਵਾਰ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 281, 125, 109, 352 ਅਤੇ 351(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਲਾਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲੀਸ ਤਾਇਨਾਤ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਹੇਮਕੁੰਟ ਸਾਹਿਬ ਟਰੱਸਟ ਨੇ ਕੀਤੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਘਟਨਾ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਗੋਬਿੰਦਘਾਟ ਦੇ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਸ਼ਰਧਾਲੂਆਂ ਨੂੰ ਅਮਨ-ਕਾਨੂੰਨ, ਅਨੁਸ਼ਾਸਨ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਟਰੱਸਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸਿੱਖ ਧਰਮ ਵਿੱਚ ਸ਼ਸਤਰ ਧਰਮ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਹਨ, ਨਾ ਕਿ ਉਨ੍ਹਾਂ ਦੀ ਗਲਤ ਵਰਤੋਂ ਲਈ। ਟਰੱਸਟ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਗੈਰ-ਜ਼ਰੂਰੀ ਹਥਿਆਰ ਨਾ ਲੈ ਕੇ ਆਉਣ ਅਤੇ ਖ਼ਾਸ ਕਰਕੇ ਬੱਚਿਆਂ ਨੂੰ ਅਜਿਹੇ ਹਥਿਆਰਾਂ ਤੋਂ ਦੂਰ ਰੱਖਣ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਵਿਵਾਦ ਪੈਦਾ ਹੁੰਦਾ ਹੈ ਤਾਂ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਬਜਾਏ ਪ੍ਰਸ਼ਾਸਨ ਜਾਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM