Daily Suraj

ਪੰਜਾਬੀ

ਪ੍ਰਦੂਸ਼ਣ ਕੰਟਰੋਲ ਲਈ ਸਖ਼ਤੀ: ਦਿੱਲੀ ’ਚ ‘No PUC, No Fuel’ ਲਾਗੂ

18 Dec, 2025 05:43 PM

ਘੱਟ ਵਾਹਨਾਂ ਦੀ ਆਮਦ ਤੇ ਐਂਟਰੀ ਪੁਆਇੰਟਾਂ ’ਤੇ ਐੱਨਫੋਰਸਮੈਂਟ ਟੀਮਾਂ ਦੀ ਤਾਇਨਾਤੀ ਕਾਰਨ ਵੀਰਵਾਰ ਨੂੰ ਕੌਮੀ ਰਾਜਧਾਨੀ ਦੇ ਪੈਟਰੋਲ ਪੰਪਾਂ ’ਤੇ ਸੁੰਨ ਪਸਰੀ ਰਹੀ ਕਿਉਂਕਿ ਵਧਦੇ ਹਵਾ ਪ੍ਰਦੂਸ਼ਣ ਕਰਕੇ 'No PUC, No Fuel’ ਨੇਮ ਲਾਗੂ ਹੋ ਗਿਆ ਹੈ। ਕਈ ਪੈਟਰੋਲ ਸਟੇਸ਼ਨਾਂ ’ਤੇ ਪ੍ਰਦੂਸ਼ਣ ਸਰਟੀਫਿਕੇਟਾਂ ਦੀ ਜਾਂਚ ਦੌਰਾਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਜਦੋਂ ਕਿ ਕੁਝ ਬਿਨਾਂ ਦਸਤਾਵੇਜ਼ਾਂ ਵਾਲੇ ਵਾਹਨ ਚਾਲਕਾਂ ਨੂੰ ਵਾਪਸ ਮੋੜ ਦਿੱਤਾ ਗਿਆ, ਜਿਸ ਕਾਰਨ ਕੁਝ ਲੋਕਾਂ ਨੂੰ ਮਦਦ ਵਾਸਤੇ ਫ਼ੋਨ ਕਰਨ ਲਈ ਮਜਬੂਰ ਹੋਣਾ ਪਿਆ।

ਜਨਪਥ ਪੈਟਰੋਲ ਪੰਪ ’ਤੇ ਮੁਕੇਸ਼ ਕੁਮਾਰ ਨਾਂ ਦੇ ਸ਼ਖ਼ਸ ਨੇ ਕਿਹਾ ਕਿ ਨਿਯਮ ਜਾਇਜ਼ ਹਨ, ਪਰ ਉਸ ਨੇ ਨਾਲ ਹੀ ਸਵਾਲ ਕੀਤਾ ਕਿ ਲੋਕਾਂ ਤੋਂ ਮਿਹਨਤ ਨਾਲ ਕਮਾਏ ਪੈਸੇ ਨਾਲ ਖਰੀਦੇ ਵਾਹਨਾਂ ਦੀ ਵਰਤੋਂ ਬੰਦ ਕਰਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਪੰਪ ’ਤੇ ਇੱਕ ਹੋਰ ਖਪਤਕਾਰ ਨੇ ਇਸ ਪੇਸ਼ਕਦਮੀ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਇਹ ਨਿਯਮ ਜ਼ਰੂਰੀ ਸੀ। ਇੱਕ ਪੈਟਰੋਲ ਪੰਪ 'ਤੇ ਤਾਇਨਾਤ ਡੀਟੀਸੀ ਇੰਚਾਰਜ ਜੇਡੀ ਸ਼ਰਮਾ ਨੇ ਕਿਹਾ ਕਿ ਜਾਂਚ ਹੱਥੀਂ ਕੀਤੀ ਜਾ ਰਹੀ ਸੀ ਕਿਉਂਕਿ ਕਈ ਥਾਵਾਂ ’ਤੇ ਕੋਈ ਕੈਮਰੇ ਨਹੀਂ ਸਨ। ਉਸ ਨੇ ਕਿਹਾ, ‘‘ਅਸੀਂ ਪ੍ਰਦੂਸ਼ਣ ਸਰਟੀਫਿਕੇਟਾਂ ਦੀ ਜਾਂਚ ਕਰ ਰਹੇ ਹਾਂ ਅਤੇ ਵਾਹਨਾਂ ਦੇ ਵੇਰਵੇ ਨੋਟ ਕਰ ਰਹੇ ਹਾਂ, ਜੋ ਸਬੰਧਤ ਵਿਭਾਗ ਨਾਲ ਸਾਂਝੇ ਕੀਤੇ ਜਾਣਗੇ।’’

ਦਿੱਲੀ-ਨੋਇਡਾ ਸਰਹੱਦ ’ਤੇ ਡੀਟੀਸੀ ਸਬ-ਇੰਸਪੈਕਟਰ ਜਤਿੰਦਰ ਕੁਮਾਰ ਨੂੰ BS-VI ਪਾਲਣਾ ਅਤੇ ਵੈਧ PUC ਸਰਟੀਫਿਕੇਟਾਂ ਲਈ ਵਾਹਨਾਂ ਦੀ ਜਾਂਚ ਕਰਦੇ ਦੇਖਿਆ ਗਿਆ। ਉਸ ਨੇ ਕਿਹਾ ਕਿ ਅਧਿਕਾਰੀ ਇਹ ਪੁਸ਼ਟੀ ਕਰਨ ਲਈ ਡਿਵਾਈਸਾਂ ਦੀ ਵਰਤੋਂ ਕਰ ਰਹੇ ਸਨ ਕਿ ਕੀ ਵਾਹਨ BS-VI ਮਿਆਰਾਂ ’ਤੇ ਖਰੇ ਉਤਰਦੇ ਹਨ ਅਤੇ ਜਿਨ੍ਹਾਂ ਵਾਹਨਾਂ ਨੇ ਅਜਿਹਾ ਨਹੀਂ ਕੀਤਾ ਉਨ੍ਹਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਕੁਮਾਰ ਨੇ ਕਿਹਾ, ‘‘ਜਾਗਰੂਕਤਾ ਵਧਣ ਕਾਰਨ ਅੱਜ ਅਜਿਹੇ ਵਾਹਨਾਂ ਦੀ ਗਿਣਤੀ ਘੱਟ ਹੈ।’’ ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ PUC ਉਲੰਘਣਾਵਾਂ ਲਈ ਲਗਪਗ 10,000 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਪੈਟਰੋਲ ਪੰਪਾਂ ’ਤੇ ਲੋਕਾਂ ਦੀ ਆਮਦ ਵਿੱਚ ਇੱਕ ਸਪੱਸ਼ਟ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਪੈਟਰੋਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਸ਼ਚਲ ਸਿੰਘਾਨੀਆ ਨੇ ਪੀਟੀਆਈ ਨੂੰ ਦੱਸਿਆ ਕਿ ਹੁਣ ਤੱਕ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ।

Latest News